ਜਗਤਾਰ ਸਮਾਲਸਰ
ਏਲਨਾਬਾਦ, 17 ਮਾਰਚ
ਪਿੰਡ ਮਿਠੁਨਪੁਰਾ ਦੀ ਇੱਕ ਔਰਤ ਨੇ ਦੋ ਪੁਲੀਸ ਕਰਮਚਾਰੀਆਂ ’ਤੇ ਉਸ ਦੇ ਪਤੀ ਨਾਲ ਧੋਖਾਧੜੀ ਕਰਦਿਆਂ ਜ਼ਮੀਨ ਆਪਣੇ ਨਾਮ ਲਗਵਾਉਣ ਅਤੇ ਉਨ੍ਹਾਂ ਦੇ ਘਰ ਆ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਦੋਵੇਂ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਗੁੱਡੀ ਦੇਵੀ ਪਤਨੀ ਕਾਸ਼ੀ ਰਾਮ ਵਾਸੀ ਮਿਠੁਨਪੁਰਾ ਨੇ ਪੁਲੀਸ ਕੋਲੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੈ। ਕਰੀਬ 6 ਮਹੀਨੇ ਪਹਿਲਾਂ ਉਸ ਦਾ ਸੰਪਰਕ ਇੱਕ ਹੌਲਦਾਰ ਭੁਪਿੰਦਰ ਦਹੀਆ ਤੇ ਇੱਕ ਸਿਪਾਹੀ ਜੈ ਪ੍ਰਕਾਸ਼ ਨਾਲ ਹੋਇਆ ਸੀ। ਉਨ੍ਹਾਂ ਦੋਵੇਂ ਪੁਲੀਸ ਕਰਮਚਾਰੀਆਂ ਨੇ ਧੋਖੇ ਨਾਲ ਉਸ ਦੇ ਪਤੀ ਤੋਂ 20 ਲੱਖ ਰੁਪਏ ਪ੍ਰਤੀ ਏਕੜ ਵਾਲੀ ਜ਼ਮੀਨ 9 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਹੀ ਆਪਣੇ ਨਾਮ ਕਰਵਾ ਲਈ ਹੈ। ਇਸ ਸਬੰਧੀ ਕਈ ਵਾਰ ਪੰਚਾਇਤ ਵੀ ਹੋਈ ਪਰ ਕੋਈ ਹੱਲ ਨਾ ਨਿਕਲਿਆ। ਪੀੜਤਾ ਨੇ ਦੱਸਿਆ ਕਿ 13 ਮਾਰਚ ਨੂੰ ਉਕਤ ਪੁਲੀਸ ਕਰਮਚਾਰੀ ਕਰੀਬ 40 ਹੋਰ ਲੋਕਾਂ ਨੂੰ ਨਾਲ ਲੈ ਕੇ ਉਨ੍ਹਾਂ ਦੀ ਢਾਣੀ ਵਿੱਚ ਆਏ ਤੇ ਉਨ੍ਹਾਂ ਨੂੰ ਜ਼ਮੀਨ ਖਾਲੀ ਕਰਨ ਲਈ ਆਖਿਆ। ਇਸ ਦੌਰਾਨ ਲੜਾਈ ਝਗੜੇ ਵਿੱਚ ਪੁਲੀਸ ਕਰਮਚਾਰੀਆਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਹੱਥ ਦੀਆਂ ਉਗਲਾਂ ਵੀ ਵੱਢ ਦਿੱਤੀਆਂ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਏਲਨਾਬਾਦ ਥਾਣਾ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਕਤ ਦੋਨਾਂ ਪੁਲੀਸ ਕਰਮਚਾਰੀਆਂ ਖ਼ਿਲਾਫ਼ ਧਾਰਾ 147, 149, 323, 452, 379ਬੀ, 506 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।