ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਮਾਰਚ
ਫਰਜ਼ੀ ਫਰਮਾਂ ਬਣਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਵਾਲੇ ਮੁੱਖ ਮੁਲਜ਼ਮ ਨੂੰ ਪੁਲੀਸ ਦੇ ਐਸਆਈਟੀ ਨੇ ਲੰਘੀ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਮਹੇਸ਼ ਬਾਂਸਲ ਵਜੋਂ ਕੀਤੀ ਗਈ ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਐਸਆਈਟੀ ਦੀ ਅਗਵਾਈ ਕਰ ਰਹੇ ਡੀਐਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਕੋਲ ਵਿਕਾਸ ਨਾਂ ਦੇ ਵਿਅਕਤੀ ਨੇ ਸ਼ਿਕਾੲਤ ਦਰਜ ਕਰਵਾਈ ਸੀ, ਜਿਸ ਵਿੱਚ ਦੱਸਿਆ ਗਿਆ ਕਿ ਉਸ ਦੇ ਨਾਂ ’ਤੇ ਫਰਜ਼ੀ ਫਰਮ ਬਣਾ ਕੇ ਕਰੋੜਾਂ ਰੁਪਏ ਦਾ ਸਰਕਾਰ ਨੂੰ ਚੂਨਾ ਲਾਇਆ ਗਿਆ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਮਹੇਸ਼ ਬਾਂਸਲ ਤੇ ਹੋਰਾਂ ਨੇ ਮਿਲੀ ਭੁਗਤ ਕਰਕੇ ਕਈ ਫਰਜ਼ੀ ਫਰਮਾਂ ਬਣਾਈਆਂ ਹਨ ਤੇ ਇਨ੍ਹਾਂ ਫਰਮਾਂ ਦੇ ਨਾਂ ’ਤੇ ਕਰੋੜਾਂ ਰੁਪਏ ਦੇ ਵਪਾਰ ਕੀਤੇ।