ਡਾ. ਮਨਦੀਪ ਕੌਰ
ਫਰਵਰੀ ਦੇ ਮਹੀਨੇ ਦੀ ਕੋਸੀ ਜਿਹੀ ਧੁੱਪ ਵਾਲੀ ਇੱਕ ਖੁਸ਼ਨੁਮਾ ਦੁਪਹਿਰ। ਇੱਕ ਖੁੱਲ੍ਹੇ ਖੂਬਸੂਰਤ ਪਾਰਕ-ਨੁਮਾ ਅਹਾਤੇ ਵਿੱਚ ਕਰੀਬ 100 ਕੁ ਮੰਜੇ ਡਿੱਠੇ ਹੋਏ ਹਨ, ਜਿਨ੍ਹਾਂ ਉੱਪਰ ਵੱਖੋ-ਵੱਖ ਉਮਰਾਂ, ਧਰਮਾਂ ਤੇ ਜਾਤਾਂ ਦੇ 250 ਦੇ ਕਰੀਬ ਮਰਦ ਤੇ ਔਰਤਾਂ ਬੈਠੇ ਧੁੱਪ ਸੇਕ ਰਹੇ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਸਰੀਰਕ ਪੱਖੋਂ ਅਪਾਹਜ, ਆਪਣੀ ਕਿਰਿਆ ਆਪ ਸੋਧਣ ਤੋਂ ਅਸਮਰੱਥ ਹਨ। ਕੁਝ ਕੁ ਸਰੀਰ ਪੱਖੋਂ ਰਿਸ਼ਟ-ਪੁਸ਼ਟ, ਪਰ ਮਾਨਸਿਕ ਰੋਗਾਂ ਦੇ ਸ਼ਿਕਾਰ ਹਨ। ਇੱਕ ਨੁੱਕਰ ਵਿੱਚ ਵਿਛੀ ਹੋਈ ਦਰੀ ਉੱਪਰ ਅੱਧਖੜ ਉਮਰ ਦੀਆਂ 10-12 ਔਰਤਾਂ ਵੱਲੋਂ ਝੁੰਡ ਬਣਾ ਕੇ ਰਾਤ ਦੇ ਖਾਣੇ ਲਈ ਮਟਰ ਛਿੱਲੇ ਜਾ ਰਹੇ ਹਨ। ਵਿੱਚ-ਵਿੱਚ ਕੁਝ ਵਰਦੀ ਵਾਲੇ ਸੇਵਾਦਾਰ ਉਨ੍ਹਾਂ ਦੀ ਦੇਖਭਾਲ ਕਰਦੇ ਨਜ਼ਰ ਆਉਂਦੇ ਹਨ। ਪਾਰਕ ਦੀ ਇੱਕ ਨੁੱਕਰ ਵਿੱਚ ਵੱਡ ਆਕਾਰੀ ਬੋਰਡ ਲੱਗਿਆ ਹੋਇਆ ਹੈ, ਜਿਸ ਉੱਪਰ ‘ਸੁਪਨਿਆਂ ਦਾ ਘਰ’ ਲਿਖਿਆ ਹੋਇਆ ਹੈ।
ਕੁਝ ਸੁਹਿਰਦ ਲੋਕ ਇਨ੍ਹਾਂ ਸਰੀਰਕ, ਮਾਨਸਿਕ ਜਾਂ ਸਮਾਜਿਕ ਦੁਸ਼ਵਾਰੀਆਂ ’ਚੋਂ ਲੰਘ ਕੇ ਇੱਥੇ ਪਹੁੰਚੇ ਜ਼ਰੂਰਤਮੰਦਾਂ ਦੀਆਂ ਲੋੜਾਂ ਬਾਰੇ ਪਤਾ ਕਰਨ ਆਏ ਹੋਏ ਹਨ। ਇੱਕ ਵਲੰਟੀਅਰ ਗਾਈਡ ਦੀ ਤਰ੍ਹਾਂ ਉਨ੍ਹਾਂ ਦਾਨੀ ਸੱਜਣਾਂ ਨੂੰ ਉੱਥੋਂ ਦੇ ਪ੍ਰਬੰਧਾਂ ਤੇ ਜ਼ਰੂਰਤਾਂ ਦੀ ਜਾਣਕਾਰੀ ਦੇ ਰਿਹਾ ਹੈ। ਏਨੇ ਚਿਰ ਨੂੰ ਇਸ ਪਾਰਕ ਦੇ ਮੁੱਖ ਦਰਵਾਜ਼ੇ ਵਿੱਚੋਂ ਇੱਕ ਰੋਹਬਦਾਰ ਉੱਚਾ ਲੰਬਾ ਗੱਭਰੂ ਸਰਦਾਰ ਆਪਣੇ ਸਾਥੀਆਂ ਨਾਲ ਦਾਖਲ ਹੁੰਦਾ ਹੈ ਤਾਂ ਅਹਾਤੇ ਵਿੱਚ ਬੈਠੇ ਇਨ੍ਹਾਂ ਸਾਰੇ ਮਰਦ-ਔਰਤਾਂ ਵਿੱਚ ਹਲਚਲ ਹੁੰਦੀ ਹੈ। ਇੱਕ ਮਧਰੇ ਜਿਹੇ ਕੱਦ ਦਾ ਬਜ਼ੁਰਗ ਹੱਥ ਵਿੱਚ ਰੇਡੀਓ ਲਈ ਸ਼ਿਕਾਇਤ ਲੈ ਕੇ ਆਉਂਦਾ ਹੈ ਕਿ ਇਹ ਚੱਲਦਾ ਨਹੀਂ। ਸਰਦਾਰ ਉਸ ਨੂੰ ਕਿਸੇ ਭੋਲੇ ਜਿਹੇ ਬਾਲ ਵਾਂਗ ਆਪਣੀ ਜੱਫੀ ’ਚ ਲੈ ਕੇ ਸਮਝਾਉਂਦਾ ਹੈ ਕਿ ਇਸ ਦੇ ਸੈੱਲ ਮੁੱਕੇ ਹੋਣੇ, ਆਪਾਂ ਹੁਣੇ ਪਵਾ ਲੈਣੇ। ਬਜ਼ੁਰਗ ਖੁਸ਼ ਹੋ ਜਾਂਦਾ ਹੈ। ਇੱਕ ਬਜ਼ੁਰਗ ਮਾਤਾ ਜਿਸ ਦਾ ਕੁਝ ਦਿਨ ਪਹਿਲਾਂ ਹੀ ਅੱਖਾਂ ਦਾ ਆਪਰੇਸ਼ਨ ਹੋਇਆ ਜਾਪਦਾ ਹੈ, ਕਾਲੀ ਐਨਕ ਲੱਗੀ ਹੋਈ ਹੈ, ਉਹ ਆ ਕੇ ਉਸ ਗੱਭਰੂ ਨੂੰ ਘੁੱਟ ਕੇ ਮਿਲਦੀ ਹੈ।
“ਆ ਗਿਆ ਮਿੰਟੂ ਪੁੱਤ ! ਜੁੱਗ-ਜੁੱਗ ਜੀਵੇਂ। ਜਵਾਨੀਆਂ ਮਾਣੇਂ!”
“ਉਏ ਮਾਂ ਭਜਨੋ ! ਹੁਣ ਤਾਂ ਤੂੰ ਮੈਨੂੰ ਦੂਰੋਂ ਹੀ ਸਿਆਨਣ ਲੱਗ ਗਈ।’’
ਇਹ ਉੱਚਾ ਲੰਬਾ ਗੱਭਰੂ ਹੈ ਗੁਰਪ੍ਰੀਤ ਸਿੰਘ ਮਿੰਟੂ ਜੋ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਸਨਪੁਰ ਵਿੱਚ ਆਪਣਿਆਂ ਵੱਲੋਂ ਦੁੱਤਕਾਰੀ ਤੇ ਨਰਕ-ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਚੁੱਕੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲਈਂ ਬੈਠਾ ਹੈ। ਜਿੱਥੇ ਇੱਕ ਪਾਸੇ ਅਜੋਕੇ ਸਮਾਜ ਵਿੱਚ ਮਾਨਵੀ ਕਦਰਾਂ-ਕੀਮਤਾਂ ਦਾ ਨਿਘਾਰ ਹੁੰਦਾ ਨਜ਼ਰੀਂ ਪੈ ਰਿਹਾ ਹੈ, ਆਪਸੀ ਸਾਂਝਾਂ ਦੀਆਂ ਤੰਦਾਂ ਤਾਰ-ਤਾਰ ਹੁੰਦੀਆਂ ਦਿਖਾਈ ਦੇ ਰਹੀਆਂ ਹਨ, ਉੱਥੇ ਕਿਤੇ-ਕਿਤੇ ਆਪਣੀ ਹੋਂਦ ਨੂੰ ਜਤਾਉਂਦੇ ਰਹਿਣ ਲਈ ਉਹ ਸਿਰਜਣਹਾਰ ਕੋਈ ਨਾ ਕੋਈ ਇਨਸਾਨ ਇਸ ਦੁਨੀਆ ਵਿੱਚ ਜ਼ਰੂਰ ਭੇਜ ਦਿੰਦਾ ਹੈ। ‘ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਸੁਸਾਇਟੀ’ ਨਾਮ ਹੇਠ ਚੱਲ ਰਹੀ ਇਸ ਸਮਾਜ ਸੇਵੀ ਸੰਸਥਾ ਦੀ ਬੁਨਿਆਦ 2016 ਦੀ ਇੱਕ ਘਟਨਾ ਤੋਂ ਬਾਅਦ ਰੱਖੀ ਗਈ। ਮੁੱਲਾਂਪੁਰ ਦੇ ਨਜ਼ਦੀਕ ਪੈਂਦੇ ਪਿੰਡ ਹਸਨਪੁਰ ਦੇ ਵਸਨੀਕ ਇੱਕ ਕਿਸਾਨ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਦੋਰਾਹੇ ਨੇੜੇ ਪੈਂਦੇ ਇੱਕ ਢਾਬੇ ਦਾ ਕੰਮ ਸੰਭਾਲਦਿਆਂ ਥੋੜ੍ਹਾ ਹੀ ਸਮਾਂ ਹੋਇਆ ਸੀ।
ਮਈ ਮਹੀਨੇ ਦੀ ਇੱਕ ਦੁਪਹਿਰ ਨੂੰ ਉਹ ਵੇਖਦਾ ਹੈ ਕਿ ਢਾਬੇ ਦੇ ਬਾਹਰ ਇੱਕ ਅਧਰੰਗ ਤੋਂ ਪੀੜਤ ਬੰਦਾ ਕੜਕਦੀ ਧੁੱਪ ਕਾਰਨ ਬੇਹੋਸ਼ ਪਿਆ ਹੈ। ਉਸ ਨੇ ਰੱਬ ਦਾ ਬੰਦਾ ਜਾਣ ਕੇ ਉਸ ਨੂੰ ਚੁੱਕ ਕੇ ਅੰਦਰ ਲਿਆ ਕੇ ਮੁੱਢਲੀ ਸਹਾਇਤਾ ਦੇਣ ਉਪਰੰਤ ਇਸ਼ਨਾਨ ਕਰਵਾ ਕੇ ਕੱਪੜੇ ਬਦਲੇ ਤੇ ਉਸ ਦੀ ਹਾਲਤ ਕੁਝ ਸਥਿਰ ਹੋ ਜਾਣ ’ਤੇ ਉਸ ਦੀਆਂ ਫੋਟੋਆਂ ਸਸ਼ਲ ਮੀਡੀਆ ’ਤੇ ਪਾ ਦਿੱਤੀਆਂ। ਤਸਵੀਰ ਪਛਾਣ ਕੇ ਉਸ ਵਿਅਕਤੀ ਨੂੰ ਉਸ ਦੇ ਪਰਿਵਾਰਕ ਮੈਂਬਰ ਮਿਲਣ ਜ਼ਰੂਰ ਆਏ, ਪਰ ਉਸ ਨੂੰ ਸੰਭਾਲ ਨਾ ਸਕਣ ਦੀ ਮਜਬੂਰੀ ਦੱਸ ਕੇ ਉੱਥੇ ਹੀ ਛੱਡ ਗਏ। ਇਸ ਨੂੰ ਇਤਫ਼ਾਕ ਕਹੀਏ ਜਾਂ ਸਿਰਜਣਹਾਰ ਦੀ ਕੋਈ ਰਜ਼ਾ ਕਿ ਥੋੜ੍ਹੇ-ਥੋੜ੍ਹੇ ਅਰਸੇ ਬਾਅਦ ਉੱਥੇ ਇਸੇ ਤਰ੍ਹਾਂ ਦੇ ਮੈਲੇ ਕੁਚੈਲੇ ਕੱਪੜਿਆਂ ’ਚ ਜ਼ਰੂਰਤਮੰਦ ਲੋਕ ਆਉਂਦੇ ਗਏ। ਗੁਰਪ੍ਰੀਤ ਉਸੇ ਤਰ੍ਹਾਂ ਉਨ੍ਹਾਂ ਨੂੰ ਨੁਹਾ-ਧੁਆ ਕੇ, ਖਾਣਾ ਖਵਾ ਕੇ, ਡਾਕਟਰੀ ਸਹਾਇਤਾ ਦੇ ਕੇ ਉਨ੍ਹਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਪਾ ਦਿੰਦਾ ਤਾਂ ਕਈਆਂ ਨੂੰ ਉਨ੍ਹਾਂ ਦਾ ਪਰਿਵਾਰ ਲੈਣ ਆ ਜਾਂਦਾ। ਜਦੋਂ ਇਸ ਤਰ੍ਹਾਂ ਦੇ ਬੰਦਿਆਂ ਦੀ ਗਿਣਤੀ ਵਧਦੀ ਗਈ ਤਾਂ ਢਾਬੇ ਦੇ ਮਾਲਕ ਨੂੰ ਇਤਰਾਜ਼ ਹੋਣ ਲੱਗਾ, ਪਰ ਗੁਰਪ੍ਰੀਤ ਉਨ੍ਹਾਂ ਬੇਸਹਾਰਾ ਲੋਕਾਂ ਨੂੰ ਰੁਲਣ ਲਈ ਛੱਡ ਦੇਣ ਦੇ ਹੱਕ ਵਿੱਚ ਨਹੀਂ ਸੀ। ਉਸ ਨੇ ਆਪਣੇ ਵਿਦੇਸ਼ ਰਹਿੰਦੇ ਦੋਵਾਂ ਭਰਾਵਾਂ ਦੀ ਸਹਿਮਤੀ ਤੇ ਸਹਿਯੋਗ ਨਾਲ ਪਿੰਡ ਹਸਨਪੁਰ ਵਿੱਚ ਆਪਣੀ ਜੱਦੀ ਡੇਢ ਏਕੜ ਜ਼ਮੀਨ ਅਜਿਹੇ ਲੋੜਵੰਦਾਂ ਲਈ ‘ਸੁਪਨਿਆਂ ਦਾ ਘਰ’ ਉਸਾਰਨ ਲਈ ਅਰਪਿਤ ਕਰ ਦਿੱਤੀ। ਅੱਜ ਉਸੇ ਜ਼ਮੀਨ ਉੱਪਰ ‘ਮਨੁੱਖਤਾ ਦੀ ਸੇਵਾ’ ਨਾਮੀ ਸੰਸਥਾ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ।
ਸੋਸ਼ਲ ਮੀਡੀਆ ਦੀ ਸਾਰਥਿਕ ਅਰਥਾਂ ਵਿੱਚ ਵਰਤੋਂ ਕਰਨ ਲਈ ਇਸ ਸੰਸਥਾ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਓਨੀ ਹੀ ਘੱਟ ਹੈ। ਹੁਣ ਤੱਕ 1000 ਤੋਂ ਵੱਧ ਲਾਪਤਾ ਲੋਕਾਂ ਨੂੰ ਇਨ੍ਹਾਂ ਵੱਲੋਂ ਪਾਈਆਂ ਵੀਡੀਓਜ਼ ਦੁਆਰਾ ਉਨ੍ਹਾਂ ਦੇ ਘਰਦਿਆਂ ਵੱਲੋਂ ਲੱਭਿਆ ਗਿਆ ਹੈ। ਮੌਜੂਦਾ ਸਮੇਂ ਇੱਥੇ ਕਰੀਬ 425 ਮਰੀਜ਼ਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਜਦੋਂ ਵੀ ਕਿਸੇ ਇਨਸਾਨ ਨੂੰ ਗ਼ੈਰ-ਮਨੁੱਖੀ ਤਸ਼ੱਦਦ ਸਹਿੰਦਿਆਂ ਮੰਦੇਹਾਲਾਂ ਵਿੱਚ ਜ਼ਿੰਦਗੀ ਬਤੀਤ ਕਰਦਿਆਂ ਦੇਖ ਕੋਈ ਭਲਾ-ਪੁਰਸ਼ ਉਸ ਦੀ ਵੀਡੀਓ ਬਣਾ ਕੇ ਇਸ ਸੰਸਥਾ ਦੇ ਹੈਲਪਲਾਈਨ ਨੰਬਰ 82848-00071 ’ਤੇ ਭੇਜਦਾ ਹੈ ਤਾਂ ਪੂਰੀ ਤਸੱਲੀ ਕਰਨ ਉਪਰੰਤ ਗੁਰਪ੍ਰੀਤ ਆਪਣੇ ਟੀਮ ਮੈਂਬਰਾਂ ਨੂੰ ਨਾਲ ਲੈ ਕੇ ਉੱਥੇ ਪਹੁੰਚ ਜਾਂਦਾ ਹਨ ਤੇ ਲਾਈਵ ਵੀਡੀਓ ਬਣਾ ਕੇ ਉੱਥੋਂ ਦੇ ਸਾਰੇ ਹਾਲਾਤ ਤੋਂ ਜਾਣੂ ਕਰਵਾਉਂਦੇ ਹੋਏ ਲੋੜੀਂਦੀ ਕਾਰਵਾਈ ਕਰਕੇ ਉਸ ਲੋੜਵੰਦ ਵਿਅਕਤੀ ਨੂੰ ਬੜੇ ਪਿਆਰ-ਸਤਿਕਾਰ ਨਾਲ ਆਪਣੀ ਗੱਡੀ ’ਚ ਬਿਠਾਅ ਕੇ ‘ਸੁਪਨਿਆਂ ਦੇ ਘਰ’ ਦਾ ਮੈਂਬਰ ਬਣਾ ਲੈਂਦੇ ਹਨ। ਹਰ ਪੰਦਰਾਂ ਦਿਨ ਬਾਅਦ ਇੱਥੇ ਮਾਹਰ ਡਾਕਟਰਾਂ ਵੱਲੋਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਕੈਂਪ ਲਗਾਇਆ ਜਾਂਦਾ ਹੈ। ਸੰਸਥਾ ਦੇ ਅੰਦਰ ਬਣੇ ਹਸਪਤਾਲ ਵਿੱਚ 2 ਡਾਕਟਰ ਤੇ ਇਕ ਫਿਜ਼ਿਓਥੈਰੇਪਿਸਟ ਰੋਜ਼ਾਨਾ ਹਾਜ਼ਰੀ ਦਿੰਦੇ ਹਨ। ਕੋਈ 475 ਦੇ ਕਰੀਬ ਵਿਅਕਤੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪਰਲੋਕ ਸਿਧਾਰ ਚੁੱਕੇ ਹਨ। ਲਗਭਗ 25 ਦੇ ਕਰੀਬ ਅਨਾਥ ਬੱਚੇ ਹਨ, ਜਿਨ੍ਹਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਪੂਰੀ ਕਰਨ ਲਈ ਸੰਸਥਾ ਨੇ ਪਿੰਡ ਦੇ ਸਰਕਾਰੀ ਸਕੂਲ ਨੂੰ ਗੋਦ ਲੈ ਲਿਆ ਹੈ। 45 ਮਰੀਜ਼ ਠੀਕ ਹੋ ਕੇ ਇੱਥੇ ਹੀ ਸੇਵਾ ਨਿਭਾਅ ਰਹੇ ਹਨ। ਸੰਸਥਾ ਵੱਲੋਂ ਰਜਿਸਟਰਡ ਸੇਵਾਦਾਰਾਂ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਪੈਸੇ ਦੇ ਰੂਪ ਵਿੱਚ ਭੇਟਾ ਨਹੀਂ ਲਈ ਜਾਂਦੀ। ਚਾਹਵਾਨ ਦਾਨੀ ਸੱਜਣਾਂ ਲਈ ਜ਼ਰੂਰੀ ਵਸਤਾਂ ਤੇ ਹਸਪਤਾਲਾਂ ਦੇ ਬਿੱਲਾਂ ਦੇ ਬਕਾਏ ਦੀ ਸੂਚੀ ਇੱਕ ਬੋਰਡ ਉੱਪਰ ਲਗਾ ਦਿੱਤੀ ਜਾਂਦੀ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਉਹ ਕਿਹੜੀਆਂ ਬੁਨਿਆਦੀ ਇਨਸਾਨੀ ਲੋੜਾਂ ਸਨ ਜੋ ਪਰਿਵਾਰ ਤੇ ਸਮਾਜ ਵੱਲੋਂ ਪੂਰੀਆਂ ਨਾ ਹੋਣ ਕਾਰਨ ਇਹ ਲੋਕ ਏਨੇ ਬੁਰੇ ਹਲਾਤ ਵਿੱਚ ਚਲੇ ਗਏ ਸਨ। ਗੁਰਪ੍ਰੀਤ ਤੇ ਉਸ ਦੀ ਟੀਮ ਵੱਲੋਂ ਅਪਣੱਤ ਭਰੇ ਬੋਲ, ਦੋ ਵਕਤ ਦੀ ਰੋਟੀ, ਸਾਫ਼-ਸੁਥਰੇ ਕੱਪੜੇ ਤੇ ਡਾਕਟਰੀ ਸਹਾਇਤਾ, ਇਹੀ ਉਹ ਲੋੜਾਂ ਸਨ, ਜਿਨ੍ਹਾਂ ਦੀ ਅਣਹੋਂਦ ਨੇ ਇਨ੍ਹਾਂ ਨੂੰ ਅਜਿਹੀ ਸਥਿਤੀ ਵਿੱਚ ਪਹੁੰਚਾ ਦਿੱਤਾ ਸੀ ਕਿ ਇਹ ਭੁੱਖੇ ਪਿਆਸੇ ਸੜਕਾਂ ’ਤੇ ਰੁਲਣ ਲਈ ਮਜਬੂਰ ਸਨ। ਸੜਕਾਂ ’ਤੇ ਮੰਦੇਹਾਲੀਂ ਰੁਲਦੇ ਇਨ੍ਹਾਂ ਗੁੰਮਨਾਮ ਲੋਕਾਂ ਨੂੰ ਗੁਰਪ੍ਰੀਤ ਜਦ ਮਾਂ, ਭੈਣ, ਬਾਬਾ ਜਾਂ ਵੀਰ ਵਰਗੇ ਮੋਹ ਭਿੱਜੇ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ ਤਾਂ ਉਨ੍ਹਾਂ ਨਾਲ ਨੇੜਤਾ ਕਾਇਮ ਕਰਨ ਦਾ ਇਹ ਪਹਿਲਾ ਸਫਲ ਕਦਮ ਹੁੰਦਾ ਹੈ। ਫਿਰ ਜਦੋਂ ‘ਸੁਪਨਿਆਂ ਦੇ ਘਰ’ ਵਿੱਚ ਲਿਆ ਕੇ ਇਸ਼ਨਾਨ ਕਰਵਾ ਕੇ ਜਚਦੇ-ਫੱਬਦੇ ਕੱਪੜੇ ਪਹਿਨਾਏ ਜਾਂਦੇ ਹਨ ਤਾਂ ਉਹੀ ਵਿਅਕਤੀ ਆਪਣੀ ਭੁੱਲੀ-ਵਿਸਰੀ ਪਹਿਚਾਣ ਨਾਲ ਫਿਰ ਤੋਂ ਜਾਣੂ ਹੁੰਦਾ ਮਹਿਸੂਸ ਕਰਦਾ ਹੈ।
ਜਿੱਥੇ ਇੱਕ ਪਾਸੇ ਪਿੰਗਲਵਾੜਾ, ਪ੍ਰਭ-ਆਸਰਾ, ਐੱਸਜੀਬੀ ਤੇ ਮਨੁੱਖਤਾ ਦੀ ਸੇਵਾ ਵਰਗੀਆਂ ਸੰਸਥਾਵਾਂ ਨਿਰਾਸ਼ਤਾ ਦੇ ਹਨੇਰੇ ਵਿੱਚ ਚਾਨਣ ਦੀ ਲੋਅ ਵਾਂਗ ਨਜ਼ਰ ਪੈਂਦੀਆਂ ਹਨ, ਦੂਜੇ ਪਾਸੇ ਇਹ ਸੋਚਣ ਲਈ ਮਜਬੂਰ ਵੀ ਕਰਦੀਆਂ ਹਨ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਦੋ ਕੁ ਪੀੜ੍ਹੀਆਂ ਪਿੱਛੇ ਪਰਤ ਕੇ ਵੇਖਿਆ ਜਾਵੇ ਤਾਂ ਕਿਸੇ ਦੇ ਔਲਾਦ ਨਾ ਹੋਣਾ ਜਾਂ ਕਿਸੇ ਕੁਦਰਤੀ ਆਫ਼ਤ ਕਾਰਨ ਪਰਿਵਾਰ ਨਾਲੋਂ ਨਿੱਖੜ ਜਾਣਾ ਤਾਂ ਵੀ ਰਿਸ਼ਤਿਆਂ ਵਿੱਚ ਇੰਨੀ ਅਪਣੱਤ ਹੁੰਦੀ ਸੀ ਕਿ ਕੋਈ ਨਾ ਕੋਈ ਭਤੀਜਾ-ਭਾਣਜਾ ਹੀ ਉਸ ਬਜ਼ੁਰਗ ਨੂੰ ਆਪਣੇ ਘਰ ਰੱਖ ਕੇ ਸੇਵਾ ਕਰਨ ਦਾ ਪੁੰਨ ਖੱਟ ਲੈਂਦਾ ਸੀ। ਪਰ ਅੱਜ ਦੇ ਸਮੇਂ ਵਿੱਚ ਤਾਂ ਮਨੁੱਖ ਬਹੁਤ ਸਵਾਰਥੀ ਹੋ ਗਿਆ ਹੈ। ਆਪਣਾ ਮਾਂ-ਬਾਪ ਵੀ ਬੁਢਾਪੇ ਵਿੱਚ ਉਸ ਨੂੰ ਬੋਝ ਲੱਗਣ ਲੱਗ ਪਿਆ ਹੈ। ਨੌਜੁਆਨਾਂ ਦੇ ਪਰਵਾਸ ਦੀ ਮਜਬੂਰੀ ਕਹਿ ਲਈਏ ਜਾਂ ਦੌੜ, ਪਰ ਇਹ ਵੀ ਬੁਢਾਪੇ ਵਿੱਚ ਇਕੱਲਤਾ ਦਾ ਕਾਰਨ ਬਣ ਗਿਆ ਹੈ। ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਕਾਰਨ ਹਰ ਬੰਦਾ ਆਪਣੇ-ਆਪ ਵਿੱਚ ਮਸਤ ਹੈ। ਇੱਕੋਂ ਘਰ ਵਿੱਚ ਰਹਿੰਦਿਆਂ ਵੀ ਪਰਿਵਾਰ ਦੇ ਜੀਅ ਇੱਕ ਦੂਜੇ-ਨਾਲ ਗੱਲਬਾਤ ਨਹੀਂ ਕਰਦੇ। ਰਿਸ਼ਤਿਆਂ ਵਿੱਚ ਮੋਹ, ਪਿਆਰ, ਨਿੱਘ ਸਭ ਖ਼ਤਮ ਹੋ ਰਿਹਾ ਹੈ। ਡਾਕਟਰੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਪੰਜਾਬੀਆਂ ਦਾ ਖੂਨ ਸੰਘਣਾ ਹੋ ਰਿਹਾ ਹੈ, ਪਰ ਮਾਤ-ਭਾਸ਼ਾ ਵਿੱਚ ਗੱਲ ਕਰੀਏ ਤਾਂ ਇਹ ਖੂਨ ਚਿੱਟਾ ਹੋ ਰਿਹਾ ਹੈ।
ਸੰਪਰਕ: 70878-61470