ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 17 ਮਾਰਚ
ਰੋਪੜ-ਬਲਾਚੌਰ ਕੌਮੀ ਮਾਰਗ ’ਤੇ ਤੂੜੀ ਨਾਲ ਭਰੀ ਟਰਾਲੀ ਨਾਲ ਬੱਸ ਦੀ ਟੱਕਰ ਹੋਣ ਕਾਰਨ ਬੱਸ ਕੰਡਕਟਰ ਦੀ ਮੌਤ ਹੋ ਗਈ ਜਦੋਂ ਬੱਸ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਤੜਕੇ ਰੋਪੜ ਵਾਲੇ ਪਾਸਿਓਂ ਇੱਕ ਤੂੜੀ ਨਾਲ ਭਰੀ ਹੋਈ ਟਰੈਕਟਰ ਟਰਾਲੀ ਜਦੋਂ ਪਿੰਡ ਟੌਂਸਾ ਲਾਗੇ ਬਣੇ ਹੋਏ ਸਰਵਿਸ ਰੋਡ ਦੇ ਕੱਟ ਤੋਂ ਗ਼ਲਤ ਪਾਸਿਓਂ ਪੇਪਰ ਮਿੱਲ ਬਨਾਂ ਫੈਕਟਰੀ ਨੂੰ ਜਾਣ ਲਈ ਮੁੜਨ ਲੱਗੀ, ਤਾਂ ਰੋਪੜ ਵਾਲੇ ਪਾਸਿਓਂ ਹੀ ਆ ਰਹੀ ਤੇਜ਼ ਰਫ਼ਤਾਰ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਦੇ ਸਿੱਟੇ ਵਜੋਂ ਬੱਸ ਬੇਕਾਬੂ ਹੋ ਕੇ ਰੇਲਿੰਗ ਨਾਲ ਜਾ ਟਕਰਾਈ। ਬੱਸ ਵਿੱਚ ਬੈਠਾ ਕੰਡਕਟਰ ਸੰਜੂ ਕੁਮਾਰ ਵਾਸੀ ਊਧਮਪੁਰ (ਜੰਮੂ) ਬਾਹਰ ਡਿੱਗ ਅਤੇ ਬੱਸ ਦੇ ਅਗਲੇ ਟਾਇਰ ਹੇਠਾਂ ਆ ਗਿਆ। ਇਸ ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਸ ਚਾਲਕ ਅਸ਼ਵਨੀ ਕੁਮਾਰ ਵਾਸੀ ਪਿੰਡ ਬਮਿਆਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਇਸ ਸੜਕ ਦੁਰਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਆਸਰੋਂ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸਤਨਾਮ ਸਿੰਘ ਪੁਲੀਸ ਪਾਰਟੀ ਸਣੇ ਮੌਕੇ ’ਤੇ ਪਹੁੰਚ ਗਏ ਅਤੇ ਜ਼ਖ਼ਮੀ ਹੋਏ ਬੱਸ ਚਾਲਕ ਅਤੇ ਕੰਡਕਟਰ ਦੀ ਲਾਸ਼ ਨੂੰ ਰਾਹਗੀਰਾਂ ਦੀ ਮਦਦ ਨਾਲ ਟੌਲ ਪਲਾਜ਼ਾ ਬੱਛੂਆਂ ਦੀ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਰੋਪੜ ਪਹੁੰਚਾਇਆ ਗਿਆ। ਹਾਦਸਾਗ੍ਰਸਤ ਵਾਹਨਾਂ ਨੂੰ ਪੁਲੀਸ ਨੇ ਜ਼ਬਤ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।