ਮੁੰਬਈ: ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਉਤਰਾਖੰਡ ਸਥਿਤ ਕੇਦਾਰਨਾਥ ਮੰਦਰ ਵਿੱਚ ਮੱਥਾ ਟੇਕਿਆ। ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਦਾਕਾਰ ਮੰਦਰ ’ਚ ਮੱਥਾ ਟੇਕਣ ਮਗਰੋਂ ਬਾਹਰ ਆਉਂਦਾ ਦਿਖਾਈ ਦੇ ਰਿਹਾ ਹੈ। ਉਪਰੰਤ ਉਹ ਮੰਦਰ ਦੇ ਬਾਹਰ ਖੜ੍ਹੇ ਆਪਣੇ ਪ੍ਰਸ਼ੰਸਕਾਂ ਦਾ ਹੱਥ ਜੋੜ ਕੇ ਸ਼ੁਕਰੀਆ ਅਦਾ ਕਰਦਾ ਹੈ। ਅਕਸ਼ੈ ਕੁਮਾਰ ਨੇ ਵੀ ਮੰਦਰ ਦੀ ਇੱਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਅਦਾਕਾਰ ਨੇ ਵੀਡੀਓ ਦੀ ਕੈਪਸ਼ਨ ਲਿਖਦਿਆਂ ਆਖਿਆ,‘‘ਜੈ ਬਾਬਾ ਭੋਲੇਨਾਥ..!’ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਅਕਸ਼ੈ ਕੁਮਾਰ ਨਾਲ ਵੱਡੀ ਗਿਣਤੀ ਸੁਰੱਖਿਆ ਕਰਮੀ ਨਜ਼ਰ ਆ ਰਹੇ ਹਨ। ਅਦਾਕਾਰ ਨੇ ਕਾਲੇ ਕੱਪੜੇ ਪਾਏ ਹੋਏ ਹਨ। ਜਾਣਕਾਰੀ ਅਨੁਸਾਰ ਅਕਸ਼ੈ ਕੁਮਾਰ ਆਪਣੀ ਅਗਲੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਟਾਈਗਰ ਸ਼ਰੌਫ ਵੀ ਅਹਿਮ ਭੂਮਿਕਾ ਵਿੱਚ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸਕਾਟਲੈਂਡ, ਲੰਡਨ, ਭਾਰਤ ਅਤੇ ਯੂਏਈ ਵਿੱਚ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ ਅਕਸ਼ੈ ਕੁਮਾਰ ਫ਼ਿਲਮ ‘ਸੂਰਾਰਾਏ ਪੋਟਰੂ’ ਦੇ ਹਿੰਦੀ ਰੀਮੇਕ ‘ਓਐੱਮਜੀ: ਓ ਮਾਇ ਗੌਡ 2’ ਵਿੱਚ ਨਜ਼ਰ ਆਵੇਗਾ। ਉਪਰੰਤ ਉਹ ਫ਼ਿਲਮ ‘ਹੇਰਾ ਫੇਰੀ’ ਦੇ ਅਗਲੇ ਭਾਗ ਦਿਖਾਈ ਦੇਵੇਗਾ। -ਆਈਏਐੱਨਐੱਸ