ਖੇਤਰੀ ਪ੍ਰਤੀਨਿਧ
ਬਰਨਾਲਾ, 24 ਮਈ
ਇੱਥੇ ਤਰਕਸ਼ੀਲ ਭਵਨ ਵਿਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਸਮਾਓਂ) ਵੱਲੋਂ ਸੂਬਾ ਪੱਧਰੀ ਜਥੇਬੰਦਕ ਕਨਵੈਨਸ਼ਨ ਕੀਤੀ ਗਈ। ਪ੍ਰਧਾਨਗੀ ਮੰਡਲ ‘ਚ ਜਰਨੈਲ ਸਿੰਘ ਮਾਨਸਾ, ਸੁਖਵਿੰਦਰ ਬੋਹਾ, ਕੁਲਵਿੰਦਰ ਕੌਰ ਦਸੂਹਾ, ਸ਼ਿੰਗਾਰਾ ਸਿੰਘ ਚੌਹਾਨਕੇ,ਰੋਹੀ ਸਿੰਘ ਗੋਬਿੰਦਗੜ ਤੇ ਪਿਆਰਾ ਸਿੰਘ ਨੰਦਗੜ੍ਹ ਸ਼ਾਮਲ ਸਨ। ਕਨਵੈਨਸ਼ਨ ਦੌਰਾਨ ਹਕੂਮਤੀ ਤੇ ਸਮਾਜਿਕ ਦਮਨ ਅਤੇ ਬੇਇਨਸਾਫੀਆਂ ਖਿਲਾਫ਼ ਦਲਿਤਾਂ, ਮਜ਼ਦੂਰਾਂ ਦੀ ਜੋਟੀ ਮਜ਼ਬੂਤੀ ਹਿਤ ਲਹਿਰ ਉਸਾਰੀ ਦਾ ਸੱਦਾ ਦਿੱਤਾ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ, ਸੂਬਾ ਖਜ਼ਾਨਚੀ ਮੱਖਣ ਸਿੰਘ ਰਾਮਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਮਾਏਦਾਰ ਕਾਰਪੋਰੇਟ ਘਰਾਣਿਆਂ ਦੇ ਕੰਟਰੋਲ ਹੇਠ ਚੱਲ ਰਹੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇਸ਼ ਦੀ ਵੱਡੀ ਵਸੋਂ ਕਿਰਤੀ ਸਮਾਜ ਦੇ ਹੱਕਾਂ ਨੂੰ ਕੁਚਲ/ਦਰੜ ਰਹੀਆਂ ਹਨ। ਆਗੂਆਂ ਕਿਹਾ ਕਿ ਵੱਖ-ਵੱਖ ਜਾਤਾਂ, ਫਿਰਕਿਆਂ ‘ਚ ਵੰਡ ਕੇ ਲੜਨ ਦੀ ਥਾਂ ਸਮੁੱਚੇ ਦਲਿਤ-ਮਜ਼ਦੂਰ ਤੇ ਕਿਰਤੀ ਸਮਾਜ ਨੂੰ ਏਕੇ ਦੀ ਲਹਿਰ ਉਸਾਰ ਕੇ ਤਾਕਤ ਨੂੰ ਜਥੇਬੰਦ ਕਰਨਾ ਸਮੇਂ ਅਣਸਰਦੀ ਲੋੜ ਹੈ ਤਾਂ ਕਿ ਹੱਕ,ਇਨਸਾਫ਼ ਤੇ ਮਨੁੱਖੀ ਸਨਮਾਨ ਪ੍ਰਾਪਤ ਕੀਤਾ ਜਾ ਸਕੇ।