ਰਤਨ ਸਿੰਘ ਢਿੱਲੋਂ
ਅੰਬਾਲਾ, 24 ਮਈ
ਜੰਡਲੀ ਨੇੜੇ ਬਣੇ ਸੈਨਾ ਦੇ ਵਾਟਰ ਟਰੀਟਮੈਂਟ ਪਲਾਂਟ ਵਿਚ ਨਹਾਉਣ ਗਏ ਤਿੰਨ ਲੜਕਿਆਂ ਵਿੱਚੋਂ ਸੰਜੀਵ ਅਤੇ ਕਰਣ ਦੀ ਡੁੱਬਣ ਨਾਲ ਮੌਤ ਹੋ ਗਈ, ਜਦੋਂ ਕਿ ਸਾਹਿਲ ਕੰਢੇ ’ਤੇ ਉੱਗੀਆਂ ਝਾੜੀਆਂ ਫੜ ਕੇ ਬਾਹਰ ਆ ਗਿਆ। ਗੋਤਾਖੋਰਾਂ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਬਾਹਰ ਕੱਢਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ।
ਜਾਣਕਾਰੀ ਅਨੁਸਾਰ ਕੈਂਟ ਦੀ ਗੁਲਾਬ ਮੰਡੀ ਨਿਵਾਸੀ ਤਿੰਨ ਦੋਸਤ ਬੱਬੂ (18) ਉਰਫ਼ ਸੰਦੀਪ, ਕਰਨ (16) ਅਤੇ ਸਾਹਿਲ (16) ਸਵੇਰੇ ਘਰ ਤੋਂ ਢਾਈ ਕਿੱਲੋਮੀਟਰ ਦੂਰ ਫ਼ੌਜੀ ਖੇਤਰ ਵਿੱਚ ਟੁੱਟੀ ਕੰਧ ਰਾਹੀਂ ਦਾਖ਼ਲ ਹੋ ਕੇ ਜੰਡਲੀ ਕੋਲ ਬਣੇ ਵਾਟਰ ਟਰੀਟਮੈਂਟ ਪਲਾਂਟ ਵਿਚ ਨਹਾਉਣ ਗਏ, ਜਦੋਂ ਕਿ ਇੱਥੇ ਦਾਖ਼ਲੇ ’ਤੇ ਪਾਬੰਦੀ ਹੈ। ਕਰੀਬ 20 ਫੁੱਟ ਡੂੰਘੇ ਤਲਾਅ ਵਿਚ ਨਹਾਉਣ ਦੌਰਾਨ ਬੱਬੂ ਅਤੇ ਕਰਨ ਡੁੱਬ ਗਏ, ਜਦੋਂ ਕਿ ਸਾਹਿਲ ਤਲਾਅ ਕੰਢੇ ਉੱਗੀਆਂ ਝਾੜੀਆਂ ਫੜ ਕੇ ਬਾਹਰ ਆ ਗਿਆ। ਟਰੀਟਮੈਂਟ ਪਲਾਂਟ ਕਰਮਚਾਰੀਆਂ ਨੇ ਸਾਹਿਲ ਤੋਂ ਜਾਣਕਾਰੀ ਲੈ ਕੇ ਫ਼ੌਜ ਅਤੇ ਪੁਲੀਸ ਨੂੰ ਮੌਕੇ ’ਤੇ ਬੁਲਾਇਆ। ਸੂਚਨਾ ਮਿਲਦਿਆਂ ਬੱਬੂ ਦੀ ਮਾਂ ਅਨੀਤਾ, ਸਾਹਿਲ ਦੀ ਮਾਂ ਸੀਮਾ ਅਤੇ ਕਰਨ ਦਾ ਚਾਚਾ ਮੌਕੇ ’ਤੇ ਪਹੁੰਚੇ। ਬੱਬੂ ਅੱਠ ਜਮਾਤਾਂ ਪੜ੍ਹਿਆ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੇ ਵੇਟਰ ਦਾ ਕੰਮ ਸ਼ੁਰੂ ਕੀਤਾ ਸੀ। ਕਰਨ ਵੀ ਅੱਠ ਜਮਾਤਾਂ ਪੜ੍ਹਿਆ ਸੀ। ਅੱਜ ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਗ੍ਰਹਿ ਮੰਤਰੀ ਅਨਿਲ ਵਿੱਜ ਅੱਜ ਸ਼ਾਮ ਨੂੰ ਗੁਲਾਬ ਮੰਡੀ ਪਹੁੰਚੇ ਅਤੇ ਡੁੱਬ ਕੇ ਮਰਨ ਵਾਲੇ ਲੜਕਿਆਂ ਸੰਜੀਵ ਉਰਫ਼ ਬੱਬੂ ਅਤੇ ਕਰਨ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਆਪਣੇ ਅਖ਼ਤਿਆਰੀ ਫੰਡ ਵਿਚੋਂ ਦੋ-ਦੋ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ।