ਭੋਪਾਲ: ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ’ਚ ਚੀਤੇ ਦੇ ਦੋ ਹੋਰ ਬੱਚੇ ਮਰਨ ਨਾਲ ਦੇਸ਼ ’ਚ ਚੀਤਿਆਂ ਦੀ ਆਬਾਦੀ ਵਧਾਉਣ ਦੇ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਤੱਕ ਚੀਤਿਆਂ ਦੇ ਤਿੰਨ ਬੱਚੇ ਮਰ ਚੁੱਕੇ ਹਨ ਜਦਕਿ ਦੱਖਣੀ ਅਫ਼ਰੀਕਾ ਅਤੇ ਨਮੀਬੀਆ ਤੋਂ ਲਿਆਂਦੇ ਗਏ 20 ਚੀਤਿਆਂ ’ਚੋਂ ਤਿੰਨ ਚੀਤੇ ਵੀ ਮਾਰੇ ਜਾ ਚੁੱਕੇ ਹਨ। ਚੀਤਿਆਂ ਦੇ ਤਿੰਨੋਂ ਬੱਚਿਆਂ ਦੀ ਮੌਤ 23 ਮਈ ਨੂੰ ਹੋ ਗਈ ਸੀ ਪਰ ਦੋ ਬੱਚਿਆ ਦੀ ਮੌਤ ਦੀ ਜਾਣਕਾਰੀ ਵੀਰਵਾਰ ਨੂੰ ਸਾਂਝੀ ਕੀਤੀ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਹੀ ਦੋਵੇਂ ਬੱਚਿਆਂ ਦੀ ਮੌਤ ਬਾਰੇ ਜਾਣਕਾਰੀ ਨਾ ਦੇਣ ਦੇ ਕਾਰਨਾਂ ਦਾ ਖ਼ੁਲਾਸਾ ਨਹੀਂ ਕੀਤਾ ਹੈ। ਜੰਗਲਾਤ ਮਹਿਕਮੇ ਵੱਲੋਂ ਚੀਤੇ ਦੇ ਇਕ ਬੱਚੇ ਦੀ ਮੌਤ ਮਗਰੋਂ ਮਾਦਾ ਚੀਤਾ ਜਵਾਲਾ ਅਤੇ ਉਸ ਦੇ ਤਿੰਨ ਬੱਚਿਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਪਿਛਲੇ ਸਾਲ ਸਤੰਬਰ ’ਚ ਨਾਮੀਬੀਆ ਤੋਂ ਲਿਆਉਣ ਮਗਰੋਂ ਜਵਾਲਾ ਨੇ ਇਸ ਸਾਲ ਮਾਰਚ ’ਚ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ। ਟੀਮ ਨੇ ਜਦੋਂ 23 ਮਈ ਨੂੰ ਤਿੰਨ ਬੱਚਿਆਂ ਦੀ ਹਾਲਤ ਨਾਜ਼ੁਕ ਦੇਖੀ ਤਾਂ ਉਨ੍ਹਾਂ ਦੇ ਇਲਾਜ ਦਾ ਫ਼ੈਸਲਾ ਲਿਆ ਸੀ। ਸਰਕਾਰੀ ਰਿਲੀਜ਼ ’ਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਦਿਨ ਦਾ ਤਾਪਮਾਨ ਕਰੀਬ 46-47 ਡਿਗਰੀ ਸੈਲਸੀਅਸ ਚੱਲ ਰਿਹਾ ਸੀ ਅਤੇ ਬੱਚਿਆਂ ਦੇ ਸ਼ਰੀਰ ’ਚ ਪਾਣੀ ਦੀ ਬਹੁਤ ਜ਼ਿਆਦਾ ਕਮੀ ਸੀ। ਇਲਾਜ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਬਿਆਨ ’ਚ ਕਿਹਾ ਗਿਆ ਹੈ ਕਿ ਚੌਥੇ ਬੱਚੇ ਦੀ ਹਾਲਤ ਸਥਿਰ ਹੈ ਪਰ ਉਹ ਵੀ ਜ਼ੇਰੇ ਇਲਾਜ ਹੈ। -ਪੀਟੀਆਈ