ਟੋਹਾਣਾ (ਪੱਤਰ ਪ੍ਰੇਰਕ): ਇੱਥੇ ਇਕ ਇੱਟਾਂ ਦੇ ਭੱਠੇ ’ਤੇ ਪੰਜ ਬੱਚਿਆਂ ਦੀ ਮਾਂ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਬਲੈਕਮੇਲ ਕਰਨ ਦੇ ਮਾਮਲੇ ਵਿੱਚ ਫਾਸਟ ਟਰੈਕ ਅਦਾਲਤ ਨੇ ਫਤਿਹਾਬਾਦ ਦੇ ਬਿਜਲੀ ਮਿਸਤਰੀ ਕਮਲ ਕੁਮਾਰ ਨੂੰ ਉਮਰ ਕੈਦ ਤੇ 65 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮਹਿਲਾ ਥਾਣਾ ਪੁਲੀਸ ਨੇ 31 ਦਸੰਬਰ 2021 ਨੂੰ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਚਲਾਨ ਮੁਤਾਬਿਕ ਮੁਲਜ਼ਮ ਨਾਲ ਪੀੜਤ ਪਰਿਵਾਰ ਦੀ ਮਾਮੁੂਲੀ ਜਾਣ ਪਛਾਣ ਸੀ ਤੇ ਮੱਝ ਦਾ ਕਰਜ਼ਾ ਲੈਣ ਲਈ ਔਰਤ ਨੂੰ ਫ਼ਾਰਮ ਭਰਨ ਲਈ ਬੁਲਾ ਕੇ ਉਸ ਨੂੰ ਘਰ ਲੈ ਜਾਣ ਦੀ ਬਜਾਏ 7 ਦੰਸਬਰ ਨੂੰ ਹੋਟਲ ਲੈ ਗਿਆ। ਇਸ ਦੌਰਾਨ ਮੁਲਜ਼ਮ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਜਬਰ ਜਨਾਹ ਮਗਰੋਂ ਧਮਕੀਆਂ ਦਿੱਤੀਆਂ। ਲਗਾਤਾਰ ਬਲੈਕਮੇਲ ਕਰਨ ਅਤੇ ਮੋਬਾਈਲ ’ਤੇ ਧਮਕੀਆਂ ਮਿਲਣ ਤੋਂ ਪ੍ਰੇਸ਼ਾਨ ਔਰਤ ਨੇ 30 ਦੰਸਬਰ ਨੂੰ ਮਹਿਲਾ ਥਾਣੇ ਵਿੱਚ ਪੁੱਜ ਕੇ ਉਕਤ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।