ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਈ
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਤੜਕੇ ਗੁਜਰਾਤ ਸਥਿਤ ਸਾਬਰਮਤੀ ਜੇਲ੍ਹ ਤੋਂ ਦਿੱਲੀ ਦੀ ਮੰਡੋਲੀ ਜੇਲ੍ਹ ਲਿਆਂਦਾ ਗਿਆ ਹੈ। ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਿਸ਼ਨੋਈ ਨੂੰ ਸੁਰੱਖਿਆ ਕਾਰਨਾਂ ਕਰਕੇ ਮੰਡੋਲੀ ਜੇਲ੍ਹ ਲਿਆਂਦਾ ਹੈ। ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਹੀ ਗੁਜਰਾਤ ਦਾ ਅਤਿਵਾਦ ਰੋਕੂ ਦਸਤਾ (ਏਟੀਐੱਸ) ਲਾਰੈਂਸ ਨੂੰ ਲੈ ਕੇ ਗਿਆ ਸੀ। ਇਸ ਦੌਰਾਨ ਲਾਰੈਂਸ ਕੋਲੋਂ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਗੁਜਰਾਤ ਦੇ ਸਮੁੰਦਰੀ ਤੱਟ ਨੇੜੇ ਮਿਲੀ ਇੱਕ ਪਾਕਿਸਤਾਨੀ ਕਿਸ਼ਤੀ ਵਿੱਚੋਂ ਲਗਪਗ 200 ਕਰੋੜ ਰੁਪੲੇ ਦੀ ਹੈਰੋਇਨ ਬਰਾਮਦ ਹੋਣ ਸਬੰਧੀ ਪੁੱਛ-ਪੜਤਾਲ ਕੀਤੀ ਗਈ। ਇਸ ਤੋਂ ਬਿਨਾਂ ਬੀਤੇ ਸੋਮਵਾਰ ਨੂੰ ਵੀ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਤਿੰਨ ਸਾਲਾਂ ਤੋਂ ਫਰਾਰ ਲਾਰੈਂਸ ਬਿਸ਼ਨੋਈ ਗਰੋਹ ਦੇ ਇੱਕ ਮੈਂਬਰ ਯੋਗੇਸ਼ ਉਰਫ਼ ਹਿਮਾਂਸ਼ੂ ਨੂੰ ਇਥੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਫੜਿਆ ਹੈ। ਉਕਤ ਮੁਲਜ਼ਮ 16 ਵੱਖ ਵੱਖ ਅਪਰਾਧਕ ਮਾਮਲਿਆਂ ਵਿੱਚ ਨਾਮਜ਼ਦ ਹੈ ਅਤੇ ਕਤਲ ਦੀ ਕੋਸ਼ਿਸ਼ ਦੇ ਇਕ ਕੇਸ ਵਿੱਚ ਅੰਤਰਿਮ ਜ਼ਮਾਨਤ ਮਿਲਣ ਮਗਰੋਂ ਉਹ ਫਰਾਰ ਹੋ ਗਿਆ ਸੀ।