ਕੋਰੋਨਾ ਸਕੰਟ: ਆਟੋ ਕੰਪਨੀਆਂ ਦੇ 25,000 ਐਗਜ਼ੀਕਿਊਟਿਵ ਘਰੋਂ ਕਰਨਗੇ ਕੰਮ

ਨਵੀਂ ਦਿੱਲੀ– ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਭਾਰਤੀ ਆਟੋਮੋਬਾਇਲ ਕੰਪਨੀਆਂ ਕਈ ਅਹਿਤਿਆਤੀ ਉਪਾਅ ਕਰ ਰਹੀਆਂ ਹਨ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਸ ਸੈਕਟਰ ਦੇ 25,000 ਐਗਜ਼ੀਕਿਊਟਿਵ ਘੱਟ ਤੋਂ ਘੱਟ 2 ਹਫਤਿਆਂ ਤੱਕ ਘਰੋਂ ਕੰਮ ਕਰਨਗੇ। ਜੋ ਕਰਮਚਾਰੀ ਘਰੋਂ ਕੰਮ ਕਰਨਗੇ, ਉਨ੍ਹਾਂ ’ਚੋਂ ਜ਼ਿਆਦਾਤਰ ਦੀ ਡੈਸਕ ਜੌਬ ਹੈ। ਉਥੇ ਹੀ ਫੈਕਟਰੀ ਵਰਕਰਸ ਪਹਿਲਾਂ ਵਾਂਗ ਕੰਮ ਕਰਨਗੇ। ਉਨ੍ਹਾਂ ਲਈ ਖਾਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਣਗੇ। ਇਹ ਉਪਾਅ ਅਜਿਹੇ ਸਮੇਂ ਕੀਤੇ ਜਾ ਰਹੇ ਹਨ, ਜਦੋਂ ਆਟੋਮੋਬਾਇਲ ਕੰਪਨੀਆਂ ਨੂੰ ਬੀ. ਐੱਸ.-4 ਤੋਂ ਬੀ. ਐੱਸ.-6 ’ਚ ਸ਼ਿਫਟ ਕਰਨਾ ਹੈ। ਨਾਲ ਹੀ ਕੰਪਨੀਆਂ ’ਤੇ ਸਾਲਾਨਾ ਟਾਰਗੈੱਟ ਪੂਰਾ ਕਰਨ ਦਾ ਦਬਾਅ ਹੈ।

ਟਾਟਾ ਮੋਟਰਸ ਪਹਿਲੀ ਕੰਪਨੀ ਸੀ, ਜਿਸ ਨੇ ਆਪਣੇ 3000 ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਸੀ। ਮੰਗਲਵਾਰ ਨੂੰ ਮਹਿੰਦਰਾ ਗਰੁੱਪ ਨੇ 7000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਲਈ ਕਿਹਾ। ਉਥੇ ਹੀ ਫਾਕਸਵੈਗਨ ਗਰੁੱਪ ਨੇ 200, ਫਿਏਟ ਨੇ 300 ਅਤੇ ਟਾਟਾ ਮੋਟਰ ਦੇ ਨਾਲ ਆਪਣੇ ਹੋਰ ਜੁਆਇੰਟ ਵੈਂਚਰ ਫਿਏਟ ਇੰਡੀਆ ਪ੍ਰਾਈਵੇਟ ਦੇ 1000 ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ। ਇਸੇ ਤਰ੍ਹਾਂ ਰੇਨੋ ਨੇ 150, ਜੀ. ਐੱਮ. ਮੋਟਰਸ ਨੇ 100 ਅਤੇ ਵੋਲਵੋ ਕਾਰਸ ਇੰਡੀਆ ਨੇ 40 ਐਗਜ਼ੀਕਿਊਟਿਵਸ ਨੂੰ ਘਰੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਫੋਰਡ ਨੇ 15,000 ਐਗਜ਼ੀਕਿਊਟਿਵਸ ਨੂੰ ਵਰਕ ਫਰਾਮ ਹੋਮ ਲਈ ਕਿਹਾ ਹੈ।

ਮਾਰੂਤੀ ਸੁਜ਼ੂਕੀ, ਹੁੰਡਈ ਮੋਟਰ ਇੰਡੀਆ, ਹੋਂਡਾ ਕਾਰਸ, ਕੀਆ ਮੋਟਰਸ ਅਤੇ ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਵਰਗੀਆਂ ਦੇਸ਼ ਦੀਆਂ ਮੋਹਰੀ ਆਟੋਮੋਬਾਇਲ ਕੰਪਨੀਆਂ ਨੇ ਵੀ ਕਈ ਅਹਿਤਿਆਤੀ ਉਪਾਅ ਕੀਤੇ ਹਨ ਪਰ ਇਨ੍ਹਾਂ ਨੇ ਅਜੇ ਤੱਕ ਵਰਕ ਫਰਾਮ ਹੋਮ ’ਤੇ ਕੋਈ ਫੈਸਲਾ ਨਹੀਂ ਕੀਤਾ ਹੈ। ਇਨ੍ਹਾਂ ਦੇ ਅਹਿਤਿਆਤੀ ਉਪਰਾਲਿਆਂ ’ਚ ਕਰਮਚਾਰੀਆਂ ਦੀ ਥਰਮਲ ਸਕਰੀਨਿੰਗ ਤੋਂ ਲੈ ਕੇ ਬਿਜ਼ਨੈੱਸ ਟਰੈਵਲ ’ਤੇ ਰੋਕ ਲਾਉਣਾ ਸ਼ਾਮਲ ਹੈ।