ਐੱਚਪੀ ਗੈਸ ਦਾ ਟੈਂਕਰ ਸਕੂਲ ਦੀ ਕਾਰ ‘ਤੇ ਪਲਟਣ ਕਾਰਣ ਅਧਿਆਪਕਾ ਸਣੇ ਦੋ ਦੀ ਮੌਤ, ਪਿ੍ਰੰਸੀਪਲ ਦੀ ਹਾਲਤ ਗੰਭੀਰ

ਜਲੰਧਰ, (ਪੰਜਾਬੀ ਸਪੈਕਟ੍ਰਮ ਸਰਵਿਸ) : ਬੀਤੇ ਦਿਨੀਂ ਸਵੇਰ ਸਮੇਂ ਵਾਪਰੇ ਭਿਆਨਕ ਹਾਦਸੇ ਵਿਚ ਇਕ ਸਕੂਲ ਅਧਿਆਪਕਾ ਤੇ ਸਟਾਫ ਮੈਂਬਰ ਦੀ ਮੌਤ ਹੋ ਗਈ, ਜਦਕਿ ਪਿ੍ਰੰਸੀਪਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ-ਨਕੋਦਰ ਰੋਡ ‘ਤੇ ਪੈਂਦੇ ਪ੍ਰਤਾਪਰਾ ਲਾਗੇ ਨਕੋਦਰ ਸਾਈਡ ਤੋਂ ਆ ਰਿਹਾ ਇਕ ਐੱਚਪੀ ਗੈਸ ਕੰਪਨੀ ਦਾ ਭਰਿਆ ਟੈਂਕਰ ਕਾਰ ਉੱਪਰ ਪਲਟ ਗਿਆ । ਇਸ ਹਾਦਸੇ ‘ਚ ਕਾਰ ਸਵਾਰ ਪਿ੍ਰੰਸੀਪਲ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ, ਜਦਕਿ ਦੋ ਲੋਕਾਂ ਦੀ ਮੌਤ ਹੋ ਗਈ। ਡੀਐੱਸਪੀ ਕਰਤਾਰਪੁਰ ਸਬ ਡਵੀਜ਼ਨ ਸੁਰਿੰਦਰ ਪਾਲ ਨੇ ਦੱਸਿਆ ਕਿ ਐੱਚਪੀ ਕੰਪਨੀ ਦਾ ਗੈਸ ਨਾਲ ਭਰਿਆ ਟੈਂਕਰ ਨਕੋਦਰ ਤੋਂ ਜਲੰਧਰ ਵੱਲ ਆ ਰਿਹਾ ਸੀ ਤੇ ਡਿਪਸ ਸਕੂਲ ਦੀ ਇਕ ਕਾਰ ਜਿਸ ਵਿਚ ਡਿਪਸ ਮਹਿਤਪੁਰ ਦੀ ਪਿ੍ਰੰਸੀਪਲ ਜੋਤੀ, ਇਕ ਅਧਿਆਪਕਾ ਤੇ ਇਕ ਹੋਰ ਸਟਾਫ ਮੈਂਬਰ ਮੌਜੂਦ ਸੀ, ਸਕੂਲ ਵੱਲ ਜਾ ਰਹੇ ਸਨ। ਜਦੋਂ ਉਹ ਪ੍ਰਤਾਪਰਾ ਅੱਡੇ ਨੇੜੇ ਪਹੁੰਚੇ ਤਾਂ ਟੈਂਕਰ ਦਾ ਡਰਾਈਵਰ ਟੋਏ ਤੋਂ ਟੈਂਕਰ ਨੂੰ ਬਚਾਉਂਦਾ ਹੋਇਆ ਸੰਤੁਲਨ ਗੁਆ ਬੈਠਾ ਤੇ ਟੈਂਕਰ ਕਾਰ ‘ਤੇ ਪਲਟ ਗਿਆ। ਇਸ ਦੌਰਾਨ ਅਧਿਆਪਕਾ ਤੇ ਸਟਾਫ ਮੈਂਬਰ ਦੀ ਮੌਤ ਹੋ ਗਈ ਜਦਕਿ ਪਿ੍ਰੰਸੀਪਲ ਜੋਤੀ ਬੁਰੀ ਤਰ੍ਹਾ ਜਖਮੀ ਹੋ ਗਈ। ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਕਰੇਨ ਦੀ ਮਦਦ ਨਾਲ ਟੈਂਕਰ ਨੂੰ ਚੁੱਕਿਆ ਤੇ ਕਾਰ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਮਿ੍ਰਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ ਜਦਕਿ ਜ਼ਖਮੀ ਪਿ੍ਰੰਸੀਪਲ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।