ਦਮੋਰੀਆ ਪੁਲ ਨੇੜੇ ਹੋਏ ਕਾਰ ਹਾਦਸੇ ‘ਚ ਜਖਮੀ ਅਮਨ ਨਗਰ ਦੇ ਨੌਜਵਾਨ ਦੀ ਮੌਤ

ਜਲੰਧਰ, (ਪੰਜਾਬੀ ਸਪੈਕਟ੍ਰਮ ਸਰਵਿਸ) : ਦਮੋਰਿਆ ਪੁਲ ਨੇੜੇ ਸੋਮਵਾਰ ਰਾਤ ਹੋਏ ਹਾਦਸੇ ‘ਚ ਜਖਮੀ ਨੌਜਵਾਨ ਦੀ ਮੌਤ ਹੋ ਗਈ। ਮਿ੍ਰਤਕ ਨੌਜਵਾਨ ਦੀ ਪਛਾਣ ਅਮਨ ਨਗਰ ਨਿਵਾਸੀ ਜਿਤੇਂਦਰ ਜਿੱਤ ਸਿੰਘ ਉਰਫ ਦਾਰਾ ਦੇ ਰੂਪ ‘ਚ ਹੋਈ ਹੈ। ਇਸ ਹਾਦਸੇ ‘ਚ ਜਖਮੀ ਦੂਜੇ ਨੌਜਵਾਨ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜਖਮੀ ਨੌਜਵਾਨ ਦਾ ਨਾਂ ਭਾਨੂ ਹੈ ਤੇ ਉਹ ਵੀ ਅਮਨ ਨਗਰ ਦਾ ਰਹਿਣ ਵਾਲਾ ਹੈ।ਥਾਣਾ ਰਾਮਾਮੰਡੀ ਦੇ ਇੰਚਾਰਜ ਸੁਲਖਨ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਦਮੋਰਿਆ ਪੁਲ ਨੇੜੇ ਹਾਦਸਾ ਹੋਇਆ ਸੀ। ਪੁਲ ਨੇੜੇ ਇਕ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਟਕਰਾ ਗਈ ਸੀ। ਇਸ ਹਾਦਸੇ ‘ਚ ਦੋ ਨੌਜਵਾਨ ਜਖਮੀ ਹੋ ਗਏ ਸਨ। ਇਨ੍ਹਾਂ ਨੌਜਵਾਨਾਂ ਨੂੰ ਈਐੱਸਆਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਮਿ੍ਰਤਕ ਨੌਜਵਾਨ ਟ੍ਰਾਂਸਪੋਰਟ ਕੰਪਨੀ ‘ਚ ਡਰਾਈਵਰ ਦਾ ਕੰਮ ਕਰਦਾ ਸੀ।