ਨਾਨਕੇ ਘਰ ਮਿਲਣ ਆਏ ਨੌਜਵਾਨ ਦੀ ਭਾਖੜਾ ਨਹਿਰ ‘ਚ ਡੁੱਬਣ ਨਾਲ ਮੌਤ

ਰਾਮਾਂ ਮੰਡੀ, (ਪੰਜਾਬੀ ਸਪੈਕਟ੍ਰਮ ਸਰਵਿਸ) : ਨੇੜਲੇ ਪਿੰਡ ਮਲਕਾਣਾ ਵਿਖੇ ਨਾਨਕੇ ਘਰ ਮਿਲਣ ਆਏ ਇਕ ਨੌਜਵਾਨ ਦੀ ਭਾਖੜਾ ਨਹਿਰ ‘ਚ ਨਹਾਉਂਦੇ ਸਮੇਂ ਡੁੱਬ ਜਾਣ ਕਾਰਨ ਮੌਤ ਹੋ ਜਾਣ ਨਾਲ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ, ਨੇੜਲੇ ਪਿੰਡ ਮਲਕਾਣਾ ਦੇ ਸਾਬਕਾ ਸਵ. ਸਰਪੰਚ ਕੌਰ ਸਿੰਘ ਦਾ ਦੋਹਤਾ ਮਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਹੈੱਡ ਕਾਂਸਟੇਬਲ ਪੰਜਾਬ ਪੁਲਿਸ ਵਾਸੀ ਮਾਨਸਾ ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿਛਲੇ ਇਕ ਹਫ਼ਤੇ ਤੋਂ ਮਲਕਾਣਾ ਪਿੰਡ ਵਿਖੇ ਨਾਨਕੇ ਘਰ ਆਇਆ ਹੋਇਆ ਸੀ।
ਪਿੰਡ ਵਾਸੀਆਂ ਦੇ ਦੱਸਣ ਅਨੁਸਾਰ, ਬੀਤੀ ਸ਼ਾਮ ਉਹ ਪਿੰਡ ਦੇ ਕੁਝ ਲੜਕਿਆਂ ਨਾਲ ਮਿਲ ਕੇ ਪੰਜਾਬ-ਹਰਿਆਣਾ ਸੂਬੇ ਦੀ ਹੱਦ ‘ਤੇ ਹਰਿਆਣਾ ਵਾਲੇ ਪਾਸੇ ਵਗਦੀ ਭਾਖੜਾ ਨਹਿਰ ‘ਚ ਨਹਾਉਣ ਲਈ ਚਲਾ ਗਿਆ ਤੇ ਨਹਿਰ ‘ਚ ਨਹਾਉਂਦੇ ਸਮੇਂ ਪਾਣੀ ਡੁੂੰਘਾ ਹੋਣ ਕਾਰਨ ਡੁੱਬ ਗਿਆ, ਜਿਸਦਾ ਪਤਾ ਲੱਗਦੇ ਹੀ ਪਿੰਡ ਦੀ ਪੰਚਾਇਤ ਸਮੇਤ ਵੱਡੀ ਗਿਣਤੀ ਪਿੰਡ ਦੇ ਲੋਕ ਨਹਿਰ ‘ਤੇ ਪੁੱਜ ਗਏ ਅਤੇ ਨੌਜਵਾਨ ਨੂੰ ਭਾਲਣ ਦੀ ਕੋਸ਼ਿਸ਼ ਕਰਨ ਲੱਗੇ ਪਰ ਉਸਦਾ ਕੋਈ ਪਤਾ ਨਹੀਂ ਲੱਗਿਆ। ਆਖਰ ਐਤਵਾਰ ਨੂੰ ਪਟਿਆਲਾ ਜ਼ਿਲ੍ਹੇ ‘ਚੋਂ ਮਾਹਰ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਹਰਿਆਣਾ ਪੁਲਿਸ ਦੀ ਹਾਜ਼ਰੀ ‘ਚ ਕੁਝ ਮਿੰਟਾਂ ਵਿਚ ਹੀ ਨੌਜਵਾਨ ਨੂੰ ਬਾਹਰ ਕੱਢ ਲਿਆ ਪਰ ਉਸਦੀ ਮੌਤ ਹੋ ਚੁੱਕੀ ਸੀ। ਹਰਿਆਣਾ ਪੁਲਿਸ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਆਪਣੇ ਨਾਲ ਲੈ ਗਈ।