ਬੀਚ ’ਚ ਡੁੱਬਣ ਨਾਲ ਇਕ ਹੋਰ ਨੌਜਵਾਨ ਦੀ ਮੌਤ

ਜਲੰਧਰ, (ਪੰਜਾਬੀ ਸਪੈਕਟ੍ਰਮ ਸਰਵਿਸ) : ਹਫਤੇ ਦੇ ਅੰਦਰ ਕੈਨੇਡਾ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ 2 ਜਲੰਧਰ ਤੇ 1 ਮਲੋਟ ਨਾਲ ਸਬੰਧਤ ਹੈ। ਜਲੰਧਰ ਵਾਸੀ ਹਾਲੇ ਕੁਝ ਦਿਨ ਪਹਿਲਾਂ ਸੱਤ ਕਰਤਾਰ ਨਗਰ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ‘ਚ ਹੋਈ ਮੌਤ ਦੇ ਮਾਮਲੇ ਨੂੰ ਆਪਣੇ ਦਿਲਾਂ ਚੋਂ ਕੱਢ ਵੀ ਨਹੀਂ ਸਕੇ ਸਨ ਕਿ ਸੋਮਵਾਰ ਨੂੰ ਇਕ ਹੋਰ ਨੌਜਵਾਨ ਦੀ ਮੌਤ ਦੀ ਖਬਰ ਆ ਗਈ। ਸੱਤ ਕਰਤਾਰ ਨਗਰ ਦੇ ਬਿਲਕੁਲ ਸਾਹਮਣੇ ਸਥਿਤ ਵਰਿਆਮ ਨਗਰ ਵਾਸੀ ਇਕ ਹੋਰ ਨੌਜਵਾਨ ਦੀ ਕੈਨੇਡਾ ਦੇ ਬੀਚ ‘ਚ ਡੁੱਬਣ ਨਾਲ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਆਪਣੇ ਦੋਸਤਾਂ ਨਾਲ ਘੁੰਮਣ ਲਈ ਉੱਥੇ ਗਿਆ ਹੋਇਆ ਸੀ।
ਇਸ ਤੋਂ ਇਲਾਵਾ 2 ਦਿਨ ਪਹਿਲਾਂ ਮਲੋਟ ਦੇ 22 ਸਾਲਾ ਇਕ ਨੌਜਵਾਨ ਸਿਧਾਰਥ ਅਸੀਜਾ ਦੀ ਵੀ ਕੈਨੇਡਾ ‘ਚ ਹੀ ਦੋਸਤਾਂ ਨਾਲ ਬੀਚ ‘ਚ ਡੁੱਬਣ ਕਾਰਨ ਹੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਸੁਖਜੀਤ ਸਿੰਘ ਵਾਸੀ ਵਰਿਆਮ ਨਗਰ ਦਾ ਪੁੱਤਰ ਅਮਰਪ੍ਰੀਤ ਸਿੰਘ ਜੋ ਕਿ ਦਸੰਬਰ 2018 ‘ਚ ਕੈਨੇਡਾ ਦੇ ਸ਼ਹਿਰ ਮੌਂਟਰੀਅਲ ‘ਚ ਸਥਿਤ ਲਾਸਾਲੇ ਕਾਲਜ ‘ਚ ਸਟੱਡੀ ਵੀਜਾ ‘ਤੇ ਗਿਆ ਸੀ। ਬੀਤੇ ਦਿਨੀਂ ਬੀਚ ‘ਤੇ ਨਹਾਉਂਦੇ ਸਮੇਂ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਉਹ ਕਾਲਜ ‘ਚ ਛੁੱਟੀ ਹੋਣ ਕਾਰਨ ਆਪਣੇ ਦੋਸਤਾਂ ਨਾਲ ਬੀਚ ‘ਤੇ ਘੁੰਮਣ ਗਿਆ ਸੀ। ਜਦੋਂ ਉਹ ਨਹਾਉਣ ਲੱਗੇ ਤਾਂ ਅਮਰਪ੍ਰੀਤ ਸਿੰਘ ਗਹਿਰੇ ਪਾਣੀ ਦੇ ਅੰਦਰ ਚਲਾ ਗਿਆ ਜਿਸ ਵਿੱਚੋਂ ਬਾਹਰ ਨਿਕਲਣਾ ਉਸ ਲਈ ਮੁਸ਼ਕਿਲ ਹੋ ਗਿਆ। ਹਾਲਾਂਕਿ ਅਮਰਪ੍ਰੀਤ ਤੈਰਾਕੀ ਜਾਣਦਾ ਸੀ ਪਰ ਫਿਰ ਵੀ ਵਹਾਅ ਜ਼ਿਆਦਾ ਹੋਣ ਕਾਰਨ ਬੱਚ ਨਹੀਂ ਸਕਿਆ।
ਅਮਰਪ੍ਰੀਤ ਸਿੰਘ ਦੇ ਘਰ ਵਾਲਿਆਂ ਨੂੰ ਇਸ ਦੀ ਸੂਚਨਾ ਉਸ ਦੇ ਨਾਲ ਗਏ ਦੋਸਤਾਂ ਦੇ ਪਰਿਵਾਰ ਵਾਲਿਆਂ ਵੱਲੋਂ ਦਿੱਤੀ ਗਈ। ਕੈਨੇਡਾ ‘ਚ ਹੀ ਪੜ੍ਹਦੀ ਉਸ ਦੀ ਮਾਸੀ ਦੀ ਲੜਕੀ ਮੌਕੇ ‘ਤੇ ਪਹੁੰਚੀ। ਜਿੱਦਾਂ ਹੀ ਪਰਿਵਾਰ ਵਾਲਿਆਂ ਨੂੰ ਅਮਨਪ੍ਰੀਤ ਦੀ ਮੌਤ ਦੀ ਸੂਚਨਾ ਮਿਲੀ, ਉਸ ਦੇ ਘਰ ‘ਚ ਚੀਕ-ਚਿਹਾੜਾ ਮੱਚ ਗਿਆ ਅਤੇ ਉਸ ਦੀ ਮਾਂ ਅੰਜਨਾ, ਪਿਤਾ ਸੁਖਜੀਤ ਸਿੰਘ, ਦਾਦੀ ਤੇ ਉਸ ਦੇ ਛੋਟੇ ਭਰਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮਾਂ ਅੰਜਨਾ ਜਿਸ ਨੇ ਬੜੀਆਂ ਹੀ ਰੀਝਾਂ ਨਾਲ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ, ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਉਸ ਦਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਮਾਂ ਦਾ ਵਿਰਲਾਪ ਦੇਖ ਕੇ ਉਨ੍ਹਾਂ ਦੇ ਘਰ ਦੁੱਖ ਸਾਂਝਾ ਕਰਨ ਆਏ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਪਰਿਵਾਰ ਵਾਲੇ ਹੁਣ ਅਮਰਪ੍ਰੀਤ ਸਿੰਘ ਦੀ ਦੇਹ ਜਲੰਧਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।+