ਸਰਕਾਰੀ ਕਣਕ ਦੀ ਪਰਚੀ ਕਾਰਨ ਹੋਇਆ ਝਗੜਾ, ਕੁੱਟ-ਕੁੱਟ ਕੇ ਮਾਰ ਦਿੱਤਾ ਡਿਪੂ ਹੋਲਡਰ ਦਾ ਭਰਾ

ਕਪੂਰਥਲਾ, 5 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) :ਸ਼ਹਿਰ ਦੇ ਵਿਚਕਾਰ ਪੈਂਦੇ ਕਿਲਾ ਮੁਹੱਲਾ ਵਿਖੇ ਸਰਕਾਰੀ ਕਣਕ ਦੀ ਪਰਚੀ ਲੈਣ ਦੇ ਮਾਮਲੇ ਨੂੰ ਹੋਏ ਝਗੜੇ ਵਿਚ ਅਨਿਲ ਮਹਾਜਨ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਮਨਦੀਪ ਸਿੰਘ, ਐੱਸਪੀ (ਡੀ) ਵਿਸ਼ਾਲਜੀਤ ਸਿੰਘ, ਐੱਸਐੱਚਓ ਸਿਟੀ ਹਰਜਿੰਦਰ ਸਿੰਘ ਹੁੰਦਲ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਇਸ ਦੌਰਾਨ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਿ੍ਰਤਕ ਦੇ ਲੜਕੇ ਦੁਸ਼ਯੰਤ ਮਹਾਜਨ ਵਾਸੀ ਮੁਹੱਲਾ ਲਾਹੌਰੀ ਗੇਟ ਨੇ ਦੱਸਿਆ ਕਿ ਉਸ ਦਾ ਤਾਇਆ ਵਿਜੇ ਕੁਮਾਰ ਪੁੱਤਰ ਘਸੀਟਾ ਮੱਲ ਮੁਹੱਲਾ ਲਾਹੌਰੀ ਗੇਟ ਕਪੂਰਥਲਾ ਦਾ ਡਿਪੂ ਹੋਲਡਰ ਹੈ। ਉਹ ਆਪਣੇ ਤਾਏ ਨਾਲ ਸਰਕਾਰੀ ਕਣਕ ਦੀਆਂ ਪਰਚੀਆਂ ਵੰਡਣ ਲਈ ਕਿਲਾ ਮੁਹੱਲਾ ਨਜ਼ਦੀਕ ਲਾਲਾ ਵਾਲਾ ਪੀਰ ਦੀ ਜਗਾ ਕੋਲ ਮੌਜੂਦ ਸੀ, ਜਿੱਥੇ ਉਨ੍ਹਾਂ ਨਾਲ ਉਸ ਦੇ ਪਿਤਾ ਅਨਿਲ ਮਹਾਜਨ ਅਤੇ ਉਸ ਦੇ ਤਾਏ ਦਾ ਲੜਕੇ ਅੰਕੁਸ਼ ਮਹਾਜਨ ਅਤੇ ਗੁਆਂਢੀ ਰਾਕੇਸ਼ ਕੁਮਾਰ ਪੁੱਤਰ ਖਰੇਤੀ ਲਾਲ ਤੋਂ ਇਲਾਵਾ ਮੁਹੱਲਾ ਦੇ ਹੋਰ ਲੋਕ ਵੀ ਮੌਜੂਦ ਸਨ। ਕਰੀਬ ਸਾਢੇ 11 ਵਜੇ ਉਥੇ ਦੇਬੋ ਪਤਨੀ ਦੋਲਤੀ ਰਾਮ ਆਪਣੇ ਦੋਵੇ ਲੜਕੇ ਭੋਲੂ ਅਤੇ ਜੋਬਨ ਵਾਸੀ ਕਿਲਾ ਮੁਹੱਲਾ ਅਤੇ ਅਰਜੁਨ ਪੁੱਤਰ ਟਹਿਲ ਸਿੰਘ ਵਾਸੀ ਮੁਹੱਲਾ ਉੱਚਾ ਧੋੜਾ ਨਾਲ ਆਈ। ਇਸ ਦੌਰਾਨ ਦੇਬੋ ਉੱਚੀ-ਉੱਚੀ ਕਹਿਣ ਲੱਗੀ ਕਿ ਮੇਰੀ ਪਰਚੀ ਕਿਓ ਨਹੀਂ ਕੱਟੀ ਮੈਂ ਤੁਹਾਨੂੰ ਮਾਰ ਦੇਵਾਂਗੀ ਅਤੇ ਮੈਂ ਤੁਹਾਡਾ ਡਿਪੂ ਬੰਦ ਕਰਵਾ ਦੇਵਾਂਗੀ ਤਾਂ ਇੰਨੇ ਨੂੰ ਦੇਬੋ ਅਤੇ ਉਸ ਦੇ ਦੋਵੇਂ ਲੜਕੇ ਭੋਲੂ, ਜੋਬਨ ਅਤੇ ਅਰਜਨ ਨੇ ਉਸ ਦੇ ਪਿਤਾ ਅਨਿਲ ਮਹਾਜਨ ਦੀ ਛਾਤੀ ਵਿਚ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।ਜਿਸ ਨਾਲ ਉਸ ਦਾ ਪਿਤਾ ਫਰਸ਼ ‘ਤੇ ਡਿੱਗ ਪਿਆ ਪਰ ਉਕਤ ਹਮਲਾਵਰ ਲਗਾਤਾਰ ਉਸਨੂੰ ਕੁੱਟਦੇ ਰਹੇ। ਜਿਸ ਕਾਰਨ ਉਸਦਾ ਪਿਤਾ ਬੇਹੋਸ਼ ਹੋ ਗਿਆ। ਰੌਲਾ ਪੈਣ ‘ਤੇ ਮੁਹੱਲੇ ਦੇ ਕਾਫੀ ਲੋਕ ਇਕੱਠੇ ਹੋ ਗਏ ਅਤੇ ਉਕਤ ਸਾਰੇ ਹੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨੇ ਆਪਣੇ ਪਿਤਾ ਨੂੰ ਸਰਕਾਰੀ ਹਸਪਤਾਲ ਕਪੂਰਥਲਾ ਵਿਖੇ ਇਲਾਜ਼ ਲਈ ਲਿਆਂਦਾ ਤਾਂ ਮੌਕੇ ‘ਤੇ ਮੌਜੂਦ ਡਿਊਟੀ ਡਾਕਟਰ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਥਾਣਾ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਵਲੋਂ ਔਰਤ ਸਮੇਤ 4 ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਦੇ ਹੋਏ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।