ਅਮਰੀਕਾ ਵਿੱਚ ਸਿੱਖ ਵਿਅਕਤੀ ਦੇ ਰੇਸਤਰਾਂ ਦੀ ਭੰਨਤੋੜ

ਅਮਰੀਕਾ ਵਿੱਚ ਸਿੱਖ ਵਿਅਕਤੀ ਦੇ ਰੇਸਤਰਾਂ ਦੀ ਭੰਨਤੋੜ
ਵਾਸ਼ਿੰਗਟਨ, (ਪੰਜਾਬੀ ਸਪੈਕਟ੍ਰਮ ਸਰਵਿਸ) ਨਿਊ ਮੈਕਸੀਕੋ ਦੇ ਸਾਂਤਾ ਫੇ ਸਿਟੀ ਵਿਚ ਸਿੱਖ ਦੇ ਰੈਸਟੋਰੈਂਟ ਵਿਚ ਭੰਨਤੋੜ ਕੀਤੀ ਗਈ ਅਤੇ ਇਸ ਦੀਆਂ ਕੰਧਾਂ ‘ਤੇ ਨਫਰਤ ਭਰੇ ਸੰਦੇਸ ਲਿਖੇ ਗਏ। ਮੰਗਲਵਾਰ ਨੂੰ ਮੀਡੀਆ ਰਿਪੋਰਟ ਅਨੁਸਾਰ ਇੰਡੀਅਨ ਪੈਲੇਸ ਨਾਮ ਦੇ ਰੈਸਟੋਰੈਂਟ ਨੂੰ ਤਕਰੀਬਨ 100,000 ਡਾਲਰ ਦਾ ਨੁਕਸਾਨ ਹੋਇਆ ਹੈ। ਸਥਾਨਕ ਪੁਲੀਸ ਅਤੇ ਐੱਫਬੀਆਈ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸਨ ਫੰਡ (ਸੈਲਡੇਫ) ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਐੱਸਐੱਲਡੀਐੱਫ ਦੇ ਕਾਰਜਕਾਰੀ ਡਾਇਰੈਕਟਰ ਕਿਰਨ ਕੌਰ ਗਿੱਲ ਨੇ ਕਿਹਾ, “ਅਜਿਹੀ ਨਫਰਤ ਅਤੇ ਹਿੰਸਾ ਅਸਵੀਕਾਰਯੋਗ ਹੈ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।” ਸਥਾਨਕ ਅਖਬਾਰ ਅਨੁਸਾਰ ਰੈਸਟੋਰੈਂਟ ਦੇ ਮੇਜ ਉਲਟਾ ਦਿੱਤੇ ਗਏ। ਭਾਂਡੇ ਫਰਸ ‘ਤੇ ਸੁੱਟ ਦਿੱਤੇ, ਸਰਾਬ ਦੇ ਰੈਕ ਖਾਲੀ ਕਰ ਦਿੱਤੇ, ਇਕ ਦੇਵੀ ਦੀ ਮੂਰਤੀ ਵੀ ਭੰਨ ਦਿੱਤੀ ਤੇ ਕੰਪਿਊਟਰ ਚੋਰੀ ਕਰ ਲਏ। ਰੈਸਟੋਰੈਂਟ ਦੇ ਮਾਲਕ, ਬਲਜੀਤ ਸਿੰਘ ਨੇ ਕਿਹਾ ਕਿ ਉਸਨੂੰ ਮਾਨਸਿਕ ਸੱਟ ਵੱਜੀ ਹੈ ਤੇ ਆਰਥਿਕ ਨੁਕਸਾਨ ਹੋਇਆ ਹੈ।