ਪਾਕਿਸਤਾਨ ‘ਚ ਫੌਜੀ ਹੈੱਡਕੁਆਟਰ ਨੇੜੇ ਬਾਜ਼ਾਰ ‘ਚ ਬੰਬ ਧਮਾਕਾ, ਇਕ ਦੀ ਮੌਤ, ਕਈ ਜਖ਼ਮੀ

ਇਸਲਾਮਾਬਾਦ : (ਪੰਜਾਬੀ ਸਪੈਕਟ੍ਰਮ ਸਰਵਿਸ) ਪਾਕਿਸਤਾਨ ਦੇ ਰਾਵਲਪਿੰਡੀ ਵਿਚ ਇਕ ਸੈਨਾ ਦੇ ਹੈੱਡਕੁਆਟਰ ਕੋਲ ਹੀ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਉਥੇ 15 ਹੋਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ ਰਾਵਲਪਿੰਡੀ ਸ਼ਹਿਰ ਦੇ ਇਕ ਭਰੇ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਬੰਬ ਧਮਾਕਾ ਹੋਇਆ। ਇਹ ਬਾਜ਼ਾਰ ਪਾਕਿਸਤਾਨੀ ਫੌਜ ਦੇ ਹੈੱਡਕੁਆਅਰ ਦੇ ਨੇੜੇ ਹੈ।
ਪੁਲਿਸ ਦੇ ਬੁਲਾਰੇ ਸਜਿਦੁਲ ਹਸਨ ਨੇ ਦੱਸਿਆ ਕਿ ਇਹ ਬੰਬ ਵਿਸਫੋਟ ਸ਼ਹਿਰ ਦੇ ਸਦਰ ਬਾਜ਼ਾਰ ਇਲਾਕੇ ਵਿਚ ਹੋਇਆ ਹੈ। ਮੁੱਢਲੀ ਰਿਪੋਰਟ ਮੁਤਾਬਕ ਵਿਸਫੋਟਕ ਸਮੱਗਰੀ ਨੂੰ ਇਕ ਬਿਜਲੀ ਦੇ ਖੰਭੇ ਨਾਲ ਬੰਨਿਆ ਗਿਆ ਸੀ। ਧਮਾਕੇ ਵਾਲੀ ਥਾਂ ਦੇ ਆਲੇ ਦੁਆਲੇ ਦੀ ਜਾਇਦਾਦ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਅਧਿਕਾਰੀਆਂ ਨੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਟੀਮ ਅਤੇ ਫੋਰੈਂਸਿਕ ਸਾਇੰਸ ਲੈਬ ਦੇ ਕਰਮਚਾਰੀ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਸਫੋਟ ਸੰਗਠਿਤ ਅੱਤਵਾਦ ਦੀ ਕੋਸ਼ਿਸ਼ ਹੈ ਪਰ ਜੋ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ, ਉਹ ਕਾਨੂੰਨ ਦੇ ਸ਼ਿਕੰਜੇ ਤੋਂ ਨਹੀਂ ਬਚ ਸਕਣਗੇ। ਫਿਲਹਾਲ ਕਿਸੇ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ।