ਪੁਰਾਣੀ ਰੰਜਿਸ਼ ਦੇ ਚੱਲਦੇ ਵਿਅਕਤੀ ਤੇ ਫਾਇਰਿੰਗ ਕਰਨ ਵਾਲੇ 6 ‘ਚੋਂ ਇਕ ਦੋਸ਼ੀ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ): ਪੁਰਾਣੀ ਰੰਜਿਸ਼ ਦੇ ਚੱਲਦੇ ਇਕ ਵਿਅਕਤੀ ਤੇ ਗੋਲੀ ਚਲਾਉਣ ਵਾਲੇ 6 ਦੋਸ਼ੀਆਂ ਵਿਚੋਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਮੁਤਾਬਕ ਕਲਾਨੌਰ ਪੁਲਸ ਸਟੇਸਨ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ 20 ਮਾਰਚ ਨੂੰ ਸ਼ਾਮ ਪੰਜ ਵਜੇ ਗੁਰਪ੍ਰੀਤ ਸਿੰਘ ਪੁੱਤਰ ਨਾਨਕ ਸਿੰਘ ਨਿਵਾਸੀ ਸਹੂਰ ਕਲਾਂ ਆਪਣੇ ਘਰ ਤੋਂ ਸੜਕ ਵੱਲ ਜਾ ਰਿਹਾ ਸੀ ਤਾਂ ਉੱਥੇ ਪਹਿਲਾ ਤੋਂ ਖੜ੍ਹੇ ਦੋਸ਼ੀ ਜੁਗਰਾਜ ਸਿੰਘ ਪੁੱਤਰ ਅਵਤਾਰ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ, ਨਵਤਾਜ ਸਿੰਘ ਪੁੱਤਰ ਰਤਨ ਸਿੰਘ, ਅਮ੍ਰਿੰਤਜੋਤ ਸਿੰਘ ਪੁੱਤਰ ਸੂਰਤਾ ਸਿੰਘ ਅਤੇ ਬਲਜੀਤ ਸਿੰਘ ਪੁੱਤਰ ਰੁਪਿੰਦਰ ਸਿੰਘ ਸਾਰੇ ਨਿਵਾਸੀ ਸਹੂਰ ਕਲਾਂ ਨੇ ਗੁਰਪ੍ਰੀਤ ਸਿੰਘ ਨੂੰ ਫੜ੍ਹ ਲਿਆ। ਉਦੋਂ ਦੋਸ਼ੀ ਜੁਗਰਾਜ ਸਿੰਘ ਨੇ ਆਪਣੀ ਡੱਬ ਤੋਂ ਰਿਵਾਲਵਰ ਕੱਢ ਕੇ ਗੁਰਪ੍ਰੀਤ ਸਿੰਘ ਤੇ ਫਾਇਰਿੰਗ ਕਰ ਦਿੱਤੀ ਪਰ ਗੁਰਪ੍ਰੀਤ ਸਿੰਘ ਉਦੋਂ ਬਚ ਗਿਆ ਸੀ। ਲੋਕਾਂ ਦੇ ਇਕੱਠੇ ਹੋਣ ਤੇ ਦੋਸ਼ੀ ਉਦੋ ਉਥੋਂ ਭੱਜ ਗਿਆ। ਪੁਲਸ ਨੇ ਉਦੋਂ ਦੋਸ਼ੀਆ ਦੇ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਉਦੋਂ ਤੋਂ ਹੀ ਦੋਸ਼ੀਆਂ ਦੀ ਤਾਲਾਸ਼ ਕਰ ਰਹੀ ਸੀ ਅਤੇ ਅੱਜ ਇਕ ਦੋਸ਼ੀ ਅੰਮ੍ਰਿਤਜੋਤ ਸਿੰਘ ਪੁੱਤਰ ਸੂਰਤਾ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜਦਕਿ ਹੋਰ ਪੰਜ ਦੋਸ਼ੀ ਅਜੇ ਫਰਾਰ ਹਨ ਅਤੇ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਛਾਪੇਮਾਰੀ ਕਰ ਰਹੀ ਹੈ।