ਗਾਲਾਂ ਕੱਢਣ ਤੋਂ ਰੋਕਿਆ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਮਾਰਿਆ ਚਾਕੂ

ਤਰਨਤਾਰਨ , (ਪੰਜਾਬੀ ਸਪੈਕਟ੍ਰਮ ਸਰਵਿਸ): ਬੀਤੀ ਰਾਤ ਗਲੀ ‘ਚ ਗਾਲਾਂ ਕੱਢਣ ਤੋਂ ਰੋਕਣ ‘ਤੇ ਤਿੰਨ ਲੋਕਾਂ ਨੇ ਗੁਰਦੁਆਰਾ ਭਗਤ ਨਾਮਦੇਵ ਜੀ ਦੀ ਕਮੇਟੀ ਦੇ ਪ੍ਰਧਾਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਪੇਟ ਵਿਚ ਚਾਕੂ ਮਾ ਦਿੱਤਾ ਗਿਆ, ਜਿਸਦੇ ਚੱਲਦਿਆਂ ਗੰਭੀਰ ਜ਼ਖ਼ਮੀ ਹੋਏ ਉਕਤ ਵਿਅਕਤੀ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਮੁਹੱਲਾ ਟਾਂਕਕੁਛੱਤਰੀ ਦੀ ਗਲੀ ਮਾਤਾ ਲੱਛੋ ਵਾਲੀ ਵਿਚ ਰਾਤ ਸਮੇਂ ਤਿੰਨ ਲੋਕ ਗਾਲੀ ਗਲੋਚ ਕਰਦੇ ਹੋਏ ਲੋਕਾਂ ਦੇ ਘਰਾਂ ਦੇ ਦਰਵਾਜਿਆਂ ਨੂੰ ਪੈਰਾਂ ਨਾਲ ਭੰਨ੍ਹ ਰਹੇ ਸਨ। ਇਸੇ ਦੌਰਾਨ ਗੁਰਮੀਤ ਸਿੰਘ ਬਾਊ ਜੋ ਗੁਰਦੁਆਰਾ ਭਗਤ ਨਾਮਦੇਵ ਜੀ ਦੀ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਵੀ ਹੈ ਦੇ ਦਰਵਾਜੇ ਨੂੰ ਵੀ ਪੈਰ ਮਾਰਿਆ।
ਜਦੋਂ ਘਰ ਦੇ ਬਾਹਰ ਆ ਕੇ ਉਸ ਨੇ ਇਸਦਾ ਕਾਰਨ ਪੁੱਛਿਆ ਤਾਂ ਉਕਤ ਲੋਕਾਂ ਨੇ ਉਸਦੇ ਪੇਟ ਵਿਚ ਚਾਕੂ ਖੋਭ ਦਿੱਤਾ ਅਤੇ ਫਰਾਰ ਹੋ ਗਏ। ਬਾਊ ਨੂੰ ਪਹਿਲਾਂ ਤਰਨਤਾਰਨ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੋਂ ਜ਼ਖ਼ਮ ਡੂੰਘਾ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਹ ਮੰਗ ਕਰਦੇ ਹਨ ਹਮਲਾ ਕਰਨ ਵਲਿਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ‘ਤੇ ਰਣਜੀਤ ਸਿੰਘ ਜੀਤਾ, ਪ੍ਰੇਮ ਸਿੰਘ, ਤਰਸੇਮ ਸਿੰਘ ਸੇਮਾਂ, ਮਨਜਿੰਦਰ ਸਿੰਘ ਮੰਡ, ਅਵਤਾਰ ਸਿੰਘ ਕਾਲਾ, ਜਗਤਾਰ ਸਿੰਘ ਹੀਰਾ, ਕੁਲਵੰਤ ਸਿੰਘ ਕੰਤੂ, ਨਿਰਮਲ ਸਿੰਘ, ਸਤਨਾਮ ਸਿੰਘ, ਮੋਹਨ ਸਿੰਘ, ਅਮਰਜੀਤ ਸਿੰਘ, ਡਾ. ਅੰਬਾ, ਸਵਿੰਦਰ ਸਿੰਘ ਆਦਿ ਨੇ ਵੀ ਕਿਹਾ ਕਿ ਹਮਲਾਵਰਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ। ਇਸ ਸਬੰਧੀ ਇਲਾਕੇ ਨਾਲ ਸਬੰਧਤ ਪੁਲਿਸ ਚੌਂਕੀ ਦੇ ਇੰਚਾਰਜ ਏਐੱਸਆਈ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਦੇ ਹਸਪਤਾਲ ‘ਚ ਗੁਰਮੀਤ ਸਿੰਘ ਦੇ ਬਿਆਨ ਲੈਣ ਗਏ ਸਨ ਪਰ ਡਾਕਟਰਾਂ ਵੱਲੋਂ ਹਾਲੇ ਉਸ ਨੂੰ ਇਸਦੇ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਬਿਆਨ ਦੇ ਦੇਵੇਗਾ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਜਾਵੇਗਾ।