ਛੋਟੇ ਭਰਾ ਨੇ ਕੀਤਾ ਦੋ ਸਕੇ ਭਰਾਵਾਂ ਦਾ ਕਤਲ

ਤਰਨਤਾਰਨ, (ਪੰਜਾਬੀ ਸਪੈਕਟ੍ਰਮ ਸਰਵਿਸ):ਮੰਗਲਵਾਰ ਸਵੇਰੇ ਤਰਨਤਾਰਨ ਦੇ ਪਿੰਡ ਕੋਟ ਧਰਮ ਚੰਦ ਕਲਾਂ ‘ਚ ਸਾਂਝੀ ਵੱਟ ਤੋਂ ਰੁੱਖ ਵੱਢਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਸਕੇ ਭਰਾ ਵੱਲੋਂ ਗੋਲ਼ੀ ਮਾਰ ਕੇ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਾਜ ਸਿੰਘ ਵਾਸੀ ਪਿੰਡ ਕੋਟ ਧਰਮਚੰਦ ਕਲਾਂ ਦੇ ਤਿੰਨ ਲੜਕੇ ਦਿਲਬਾਗ ਸਿੰਘ, ਲਾਲ ਸਿੰਘ ਅਤੇ ਮਨਜਿੰਦਰ ਸਿੰਘ ਸਨ।
ਜਿਨ੍ਹਾਂ ਵਿਚੋਂ ਦਿਲਬਾਗ ਸਿੰਘ ਅਤੇ ਲਾਲ ਸਿੰਘ ਇਕੱਠੇ ਰਹਿੰਦੇ ਸਨ ਅਤੇ ਮਨਜਿੰਦਰ ਸਿੰਘ ਜਮੀਨ ਦੀ ਵੰਡ ਕਰਕੇ ਵੱਖਰਾ ਰਹਿ ਰਿਹਾ ਸੀ। ਵੰਡੀ ਗਈ ਜਮੀਨ ਦੀ ਸਾਂਝੀ ਵੱਟ ‘ਤੇ ਲੱਗੇ ਰੁੱਖਾਂ ‘ਤੇ ਹੱਕ ਜਮਾਉਣ ਨੂੰ ਲੈ ਕੇ ਭਰਾਵਾਂ ਵਿਚ ਤਕਰਾਰ ਹੋਇਆ, ਜਿਸ ਤੋਂ ਬਾਅਦ ਮਨਜਿੰਦਰ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਦਿਲਬਾਗ ਸਿੰਘ ਅਤੇ ਲਾਲ ਸਿੰਘ ਉੱਪਰ ਗੋਲ਼ੀਆਂ ਚਲਾ ਦਿੱਤੀਆਂ। ਦਿਲਬਾਗ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਲਾਲ ਸਿੰਘ ਨੇ ਤਰਨਤਾਰਨ ਦੇ ਸਿਵਲ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮੌਕੇ ‘ਤੇ ਪਹੁੰਚੇ ਡੀਐੱਸਪੀ ਸੁੱਚਾ ਸਿੰਘ ਬੱਲ, ਥਾਣਾ ਝਬਾਲ ਦੇ ਮੁਖੀ ਹਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਡੀਐੱਸਪੀ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਿ੍ਰਤਕਾਂ ਦੇ ਵਾਰਸਾਂ ਦੀ ਸ਼ਿਕਾਇਤ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।