ਪਾਣੀ ਦੀ ਵਾਰੀ ਨੂੰ ਲੈ ਕੇ ਹੋਇਆ ਝਗੜਾ, ਘਰ ਆ ਕੇ ਚਲਾਈ ਗੋਲੀ, ਇਕ ਜਖਮੀ

ਤਰਨਤਾਰਨ, (ਪੰਜਾਬੀ ਸਪੈਕਟ੍ਰਮ ਸਰਵਿਸ) : ਪਿੰਡ ਬੈਂਕਾਂ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਅੱਠ ਲੋਕਾਂ ਨੇ ਘਰ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਗੋਲੀਆਂ ਦੇ ਛਰੇ ਲੱਗਣ ਨਾਲ ਇਕ ਵਿਅਕਤੀ ਜਖਮੀ ਹੋ ਗਿਆ। ਘਟਨਾ ਉਪਰੰਤ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਜਸਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬੈਂਕਾਂ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ‘ਚ ਕਥਿਤ ਤੌਰ ‘ਤੇ ਦੋਸ਼ ਲਗਾਇਆ ਕਿ ਉਸ ਦਾ ਗੁਰਲਾਲ ਸਿੰਘ ਪੁੱਤਰ ਸਤਨਾਮ ਸਿੰਘ ਨਾਲ ਪਾਣੀ ਦੀ ਵਾਰੀ ਨੂੰ ਲੈ ਕੇ ਝਗੜਾ ਹੋਇਆ ਸੀ। ਇਸੇ ਰੰਜਿਸ਼ ਤਹਿਤ ਗੁਰਲਾਲ ਸਿੰਘ, ਸਤਨਾਮ ਸਿੰਘ ਪੁੱਤਰ ਮੰਗਲ ਸਿੰਘ, ਨਿਸ਼ਾਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੈਂਕਾਂ ਆਪਣੇ ਨਾਲ ਪੰਜ ਅਣਪਛਾਤੇ ਵਿਅਕਤੀ ਲੈ ਆਇਆ। ਜਿਨ੍ਹਾਂ ਨੇ 12 ਬੋਰ ਦੀ ਰਾਈਫਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਗੋਲੀ ਦੇ ਛਰੇ ਉਸ ਦੇ ਤਾਏ ਦੇ ਘਰ ਲੱਗੇ ਮਜ਼ਦੂਰ ਹਰਪਾਲ ਸਿੰਘ ਨੂੰ ਲੱਗੇ। ਰੌਲਾ ਪਾਉਣ ‘ਤੇ ਹਮਲਾਵਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਦੋਂਕਿ ਜਖਮੀ ਹੋਏ ਹਰਪਾਲ ਸਿੰਘ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।