ਬਿਜਲੀ ਸੋਧ ਬਿੱਲ 2020 ਦੇ ਵਿਰੋਧ ‘ਚ ਮੰਗ ਪੱਤਰ ਸੌਂਪਿਆ

ਸ੍ਰੀ ਮੁਕਤਸਰ ਸਹਿਬ, (ਤੇਜਿੰਦਰ ਧੂੜੀਆ) ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿੱਚ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੰਡਲ ਪ੍ਰਧਾਨ ਬੂਟਾ ਸਿੰਘ ਦੀ ਅਗਵਾਈ ‘ਚ ਇਕ ਮੰਗ ਪੱਤਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਪਰਮਪਾਲ ਸਿੰਘ ਬੁੱਟਰ ਸ੍ਰੀ ਮੁਕਤਸਰ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਸੌਂਪਿਆ ਗਿਆ। ਮੰਗ ਪੱਤਰ ‘ਚ ਬਿਜਲੀ ਸੋਧ ਬਿੱਲ 2020 ਰੱਦ ਕਰਨ ਦੀ ਮੰਗ ਕੀਤੀ ਗਈ। ਐਸੋ. ਦੇ ਸਰਕਲ ਸਕੱਤਰ ਜੋਗਿੰਦਰ ਸਿੰਘ, ਗੁਰਦੇਵ ਸਿੰਘ ਬਾਵਾ, ਬਲਦੇਵ ਸਿੰਘ ਪ੍ਰਰੈਸ ਸਕੱਤਰ, ਜਗਤਾਰ ਸਿੰਘ, ਪ੍ਰਕਾਸ਼ ਚੰਦ, ਰਾਮ ਸ਼ਰਨ ਸਹਾਇਕ ਸਕੱਤਰ ਆਦਿ ਆਗੂਆਂ ਨੇ ਕਿਹਾ ਕਿ ਬਿਜਲੀ ਪੰਜਾਬ ਵਿੱਚ ਪਹਿਲਾਂ ਹੀ ਬਹੁਤ ਮਹਿੰਗੀ ਹੈ ਅਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ। ਆਗੂਆਂ ਨੇ ਕਿਹਾ ਕਿ ਸਰਕਾਰ ਬਿਜਲੀ ਦਾ ਨਿੱਜੀਕਰਨ ਕਰਕੇ ਲੋਕਾਂ ‘ਤੇ ਭਾਰੀ ਆਰਥਿਕ ਬੋਝ ਪਾ ਰਹੀ ਹੈ ਜੋ ਕਿ ਬੇਹੱਦ ਨਿੰਦਣਯੋਗ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਇਸ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ। ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਗੁਰੂ ਨਾਨਕ ਦੇਵ ਨੂੰ ਬੰਦ ਕਰਕੇ ਲੋਕਾਂ ਨਾਲ ਅਤੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਨੇ ਜੋ ਚੋਣਾਂ ਤੋਂ ਪਹਿਲਾਂ ਥਰਮਲ ਚਲਾਉਣ ਦਾ ਵਾਅਦਾ ਕੀਤਾ ਸੀ ਉਸ ਵਾਅਦੇ ਅਨੁਸਾਰ ਥਰਮਲ ਚਲਾਇਆ ਜਾਵੇ। ਓਧਰ ਦੂਜੇ ਪਾਸੇ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਸਰਕਲ ਮੁਕਤਸਰ ਦੇ ਪ੍ਰਧਾਨ ਸੰਕਰਦਾਸ, ਐਡੀਟਰ ਮੁਖਤਿਆਰ ਸਿੰਘ, ਮੈਂਬਰ ਭਜਨ ਸਿੰਘ, ਬਲਜੀਤ ਕੁਮਾਰ, ਮੰਡਲ ਪ੍ਰਧਾਨ ਮਲੋਟ ਨੱਥਾ ਨੇ ਵੀ ਕੇਂਦਰ ਸਰਕਾਰ ਦੇ ਉਕਤ ਫੈਸਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਬਿਜਲੀ ਸੋਧ ਬਿੱਲ 2020 ਰੱਦ ਕਰਨ ਦੀ ਮੰਗ ਕੀਤੀ।