ਪਿੰਡ ਕੋਟਗੁਰੂ ਦੇ ਗਰੀਬਾਂ ਲਈ ਬਣੀ ਧਰਮਸ਼ਾਲਾ ਉੱਪਰ ਵੱਡਿਆਂ ਵੱਲੋਂ ਡਾਕਾ…?

ਪਿਛਲੇ 15 ਸਾਲਾਂ ਤੋਂ ਸਹਿਕਾਰੀ ਸਭਾ ਨੇ ਸਮਾਨ ਰੱਖ ਕੇ ਕੀਤਾ ਕਬਜਾ

ਜੇ ਪੰਚਾਇਤ ਨੇ ਛੇਤੀ ਕਬਜਾ ਨਾ ਛੁਡਾਇਆ ਤਾਂ ਕਰਾਂਗੇ ਐਸਸੀ ਕਮਿਸ਼ਨ ਨੂੰ ਸ਼ਿਕਾਇਤ: ਗਹਿਰੀ

ਬਠਿੰਡਾ (ਸੁਰਿੰਦਰਪਾਲ ਸਿੰਘ): ਪ੍ਰੋਫੈਸਰ ਪੂਰਨ ਸਿੰਘ ਵੱਲੋਂ ਇਹ ਕਿਹਾ ਗਿਆ ਹੈ ਕਿ “ਪੰਜਾਬ ਵੱਸਦਾ ਗੁਰਾਂ ਦੇ ਨਾਮ ‘ਤੇ“ ਪਰ ਅੱਜਕੱਲ ਪੰਜਾਬ ਜ਼ਿਆਦਾਤਰ ਲੋਕ ਗੁਰੂ ਦੇ ਸਿਧਾਂਤ ਨੂੰ ਭੁੱਲ ਕੇ ਹਉਮੈ ਵੱਸ ਜਾਤ ਹੰਕਾਰੀ ਹੋ ਗਏ ਹਨ।ਇਹ ਹੰਕਾਰੀ ਲੋਕਾਂ ਵੱਲੋਂ ਅਕਸਰ ਆਪਣੇ ਤੋਂ ਆਰਥਿਕ ਤੌਰ ‘ਤੇ ਮਾੜੇ ਅਤੇ ਖਾਸ ਕਰਕੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।ਕਾਨੂੰਨ ਮੁਤਾਬਕ ਪੰਜਾਬ ਵਿੱਚ ਦਲਿਤਾਂ ਦੇ ਹਿੱਸੇ ਦੀ 33 ਪ੍ਰਤੀਸ਼ਤ ਵਾਹੀਯੋਗ ਜ਼ਮੀਨ ਨੂੰ ਵੀ ਜਨਰਲ ਵਰਗ ਵੱਲੋਂ ਵਾਹਿਆ ਜਾਂਦਾ ਹੈ।ਕਈ ਥਾਵਾਂ ‘ਤੇ ਜਾਗਰੂਕ ਦਲਿਤਾਂ ਵੱਲੋਂ ਜਦੋਂ ਆਪਣਾ ਹੱਕ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਪਰਚਿਆਂ, ਜੇਲ੍ਹਾਂ ਦਾ ਸਾਹਮਣਾ ਅਤੇ ਕੁੱਟਮਾਰ ਸਹਿਣੀ ਪੈਂਦੀ ਹੈ।
ਪੰਜਾਬ ਦੀ ਅਫਸਰਸਾਹੀ ਵੀ ਦਲਿਤਾਂ ਦੀ ਬਾਂਹ ਨਹੀਂ ਫੜਦੀ,ਦੂਜੇ ਪਾਸੇ ਪੰਜਾਬ ਦੇ ਚੁਣੇ ਗਏ ਦਲਿਤ ਲੀਡਰ ਵੱਡਿਆਂ ਦੇ ਹੱਥ ਠੋਕੇ ਬਣੇ ਹੋਏ ਹਨ।ਦਲਿਤਾਂ ਨਾਲ ਧੱਕੇ ਦੀ ਇੱਕ ਖ਼ਬਰ ਹੋਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟ ਗੁਰੂ ਵਿਖੇ ਸਾਹਮਣੇ ਆਈ ਹੈ,ਇਸ ਪਿੰਡ ਵਿੱਚ ਦਲਿਤਾਂ ਲਈ ਬਣੀ ਧਰਮਸਾਲਾ ਉੱਪਰ ਪਿਛਲੇ 15 ਸਾਲਾਂ ਤੋਂ “ਦੀ ਕੋਟਗੁਰੂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ“ ਵੱਲੋਂ ਪੰਚਾਇਤ ਦੀ ਸਹਿਮਤੀ ਨਾਲ ਕਬਜਾ ਕੀਤਾ ਹੋਇਆ ਹੈ।ਗਰੀਬਾਂ ਦੇ ਸਾਂਝੇ ਪ੍ਰੋਗਰਾਮਾਂ ਲਈ ਬਣੀ, ਇਸ ਧਰਮਸਾਲਾ ਵਿੱਚ ਹੁਣ ਸਹਿਕਾਰੀ ਸਭਾ ਨੇ ਆਪਣੇ ਸੰਦ ਅਤੇ ਸਾਮਾਨ ਨੂੰ ਰੱਖਿਆ ਹੋਇਆ ਹੈ।ਜਦੋਂ ਇਸ ਸਬੰਧੀ ਖੇਤੀਬਾੜੀ ਸੇਵਾ ਸਭਾ ਦੇ ਸੈਕਟਰੀ ਅਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ 12-13 ਸਾਲਾਂ ਤੋਂ ਇਸ ਧਰਮਸਾਲਾ ਵਿੱਚ ਆਪਣਾ ਸਾਮਾਨ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ 10 ਸਾਲ ਤਾਂ ਕੋਈ ਕਿਰਾਇਆ ਨਹੀਂ ਦਿੱਤਾ,ਪਰ ਹੁਣ ਵਾਲੀ ਪੰਚਾਇਤ ਕਿਰਾਇਆ ਲੈ ਰਹੀ ਹੈ।
ਮਸਲੇ ਬਾਰੇ ਜਦੋਂ ਸਰਪੰਚ ਜਲੰਧਰ ਸਿੰਘ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਧਰਮਸ਼ਾਲਾ ਦੇ ਨੇੜੇ ਦਲਿਤਾਂ ਦੇ 2-3 ਘਰ ਹੀ ਹਨ ਤੇ ਕਬਜ਼ੇ ਸਬੰਧੀ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਅਤੇ ਧਰਮਸਾਲਾ ਦੇ ਕਿਰਾਏ ਸਬੰਧੀ ਉਨ੍ਹਾਂ ਕਿਹਾ ਕਿ ਉਹ ਸਭਾ ਤੋਂ ਕੋਈ ਕਿਰਾਇਆ ਨਹੀਂ ਲੈਂਦੇ।ਗਰੀਬਾਂ ਦੀ ਧਰਮਸਾਲਾ ਉੱਪਰ ਕੀਤੇ ਕਬਜੇ ਸਬੰਧੀ ਜਦੋਂ ਦਲਿਤ ਵੈੱਲਫੇਅਰ ਸੰਗਠਨ ਬਠਿੰਡਾ ਦਿਹਾਤੀ ਦੇ ਪ੍ਰਧਾਨ ਜਰਨੈਲ ਸਿੰਘ ਬੱਲੂਆਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪੜਤਾਲ ਕਰਕੇ ਛੇਤੀ ਹੀ ਕਾਰਵਾਈ ਅਮਲ ਵਿੱਚ ਲਿਆਉਣਗੇ। ਗਰੀਬਾਂ ਦੇ ਹੱਕਾਂ ਨੂੰ ਮਾਰੇ ਜਾਣ ਸਬੰਧੀ ਜਦੋਂ ਲੋਕ ਜਨ ਸਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਜੇਕਰ ਪੰਚਾਇਤ ਨੇ ਇਸ ਧਰਮਸਾਲਾ ਉੱਪਰ ਆਪਣਾ ਕਬਜਾ ਨਾ ਛੱਡਿਆ ਤਾਂ ਉਹ ਐਸਸੀ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਨੂੰ ਸ਼ਿਕਾਇਤ ਕਰਨਗੇ।ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਬਠਿੰਡਾ ਦਿਹਾਤੀ ਸੀਟ ਦਲਿਤ ਵਰਗ ਦੇ ਲਈ ਰਾਖਵੀਂ ਹੈ ਪਰ ਕਿਸੇ ਵੀ ਪਾਰਟੀ ਦੇ ਦਲਿਤ ਲੀਡਰ ਵੱਲੋਂ ਗਰੀਬਾਂ ਦੇ ਹੱਕ ਵਿਚ ਹਾਂ ਦਾ ਨਾਅਰਾ ਨਹੀਂ ਮਾਰਿਆ ਜਾਂਦਾ।ਅਤੇ ਦਲਿਤਾਂ ਦੇ ਕਹਾਉਂਦੇ ਲੀਡਰ ਵੀ ਵੱਡਿਆਂ ਕੋਲ ਜਾਣਾ ਤੇ ਬੈਠਣਾ ਪਸੰਦ ਕਰਦੇ ਹਨ।