ਮੰਡੀਆਂ ’ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਮੇਂ-ਸਮੇਂ ’ਤੇ ਹੱਲ ਕੀਤਾ ਜਾਵੇਗਾ: ਮੋਫਰ,ਮਿੱਤਲ

ਬੁਢਲਾਡਾ (ਮਨਜੀਤ): ਹਲਕਾ ਬੁਢਲਾਡਾ ਦੀਆਂ ਖਰੀਦ ਮੰਡੀਆਂ ਦੇ ਪ੍ਰਬੰਧਾਂ ਅਤੇ ਇੱਥੇ ਆਉਣ ਵਾਲੀ ਫਸਲ ਦਾ ਜਾਇਜ਼ਾ ਸਾਬਕਾ ਵਿਧਾਇਕ ਅਤੇ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ, ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਅਤੇ ਕਾਂਗਰਸ ਪਾਰਟੀ ਹਲਕਾ ਇੰਚਾਰਜ ਬੁਢਲਾਡਾ ਬੀਬੀ ਰਣਜੀਤ ਕੌਰ ਭੱਟੀ ਵੱਲੋਂ ਸਾਂਝੇ ਤੌਰ ਤੇ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਦੌਰੇ ਜਾਰੀ ਰਹਿਣਗੇ ਅਤੇ ਮੰਡੀਆਂ ’ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਮੇਂ-ਸਮੇਂ ਤੇ ਹੱਲ ਕੀਤਾ ਜਾਂਦਾ ਰਹੇਗਾ। ਉਨ੍ਹਾਂ ਇਸ ਦੇ ਨਾਲ ਸਰਕਾਰ ਵਲੋਂ ਕਰਫਿਊ ’ਚ ਲੋੜਵੰਦਾਂ ਲਈ ਭੇਜੇ ਜਾ ਰਹੇ ਰਾਸ਼ਨ ਦੀ ਵੀ ਸਮੀਖਿਆ ਕੀਤੀ ਕਿ ਇਹ ਰਾਸ਼ਨ ਲੋੜਵੰਦਾਂ ਤੱਕ ਪਹੁੰਚ ਰਿਹਾ ਹੈ, ਜਿਸ ਦੀ ਰਿਪੋਰਟ ਉਨ੍ਹਾਂ ਨੇ ਸਰਕਾਰ ਨੂੰ ਭੇਜੀ ਹੈ। ਉਕਤ ਨੇਤਾਵਾਂ ਨੇ ਦਾਅਵਾ ਕੀਤਾ ਕਿ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।

ਅੱਜ ਬੁਢਲਾਡਾ ਦੇ ਪਿੰਡ ਦਾਤੇਵਾਸ ਵਿਖੇ ਉਪਰੋਕਤ ਨੇਤਾਵਾਂ ਨੇ ਕਣਕ ਦੀ ਬੋਲੀ ਸ਼ੁਰੂ ਕਰਵਾਈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੀ ਕਰਫਿਊ ਦੇ ਦੌਰਾਨ ਮੰਡੀਆਂ ’ਚ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਵੀ ਕੁਝ ਛੋਟ ਦਿੱਤੀ ਗਈ ਹੈ। ਚੇਅਰਮੈਨ ਪ੍ਰੇਮ ਮਿੱਤਲ, ਬਿਕਰਮ ਸਿੰਘ ਮੋਫਰ ਅਤੇ ਬੀਬੀ ਰਣਜੀਤ ਕੌਰ ਭੱਟੀ ਨੇ ਕਿਹਾ ਕਿ ਪੰਜਾਬ ਦੁਨੀਆ ਭਰ ’ਚ ਅੰਨਦਾਤੇ ਵਜੋਂ ਮਸ਼ਹੂਰ ਹੈ। ਇਸ ਦੀ ਧਰਤੀ ਤੇ ਵੱਡੀ ਤਦਾਦ ’ਚ ਹਾੜ੍ਹੀ ਦੀ ਫਸਲ ਕਣਕ ਪੈਦਾ ਕੀਤੀ ਜਾ ਰਹੀ ਹੈ ਜੋ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕੋਰੋਨਾ ਵਾਇਰਸ ਕਾਰਨ ਸੰਕਟ ਦੀ ਘੜੀ ਆ ਪਈ ਹੈ। ਲੋਕਾਂ ਨੂੰ ਇਸ ਬੀਮਾਰੀ ਦੇ ਵਾਇਰਸ ਤੋਂ ਬਚਾਉਣਾ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਪੰਜਾਬ ’ਚ ਚੱਲ ਰਹੇ ਕਰਫਿਊ ਦੌਰਾਨ ਕਣਕ ਦੀ ਫਸਲ ਦਾ ਦਾਣਾ-ਦਾਣਾ ਖਰੀਦਣ ਦਾ ਦਾਅਵਾ ਕੀਤਾ ਹੈ ਅਤੇ ਸਰਕਾਰ ਇਸ ਨੂੰ ਯਕੀਨੀ ਬਣਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਤਾਂ ਸੂਬੇ ਦੇ ਅੰਨਦਾਤਾ ਨੂੰ ਸਰਕਾਰ  ਵੱਲੋਂ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਗਈ। ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਮਹੱਤਵਪੂਰਨ ਫੈਸਲੇ ਲਏ ਹਨ। ਮਿੱਤਲ ਅਤੇ ਮੋਫਰ ਨੇ ਕਿਹਾ ਕਿ ਉਹ ਜ਼ਿਲੇ ਦੀਆਂ ਮੰਡੀਆਂ ਦਾ ਦੌਰਾ ਜਾਰੀ ਰੱਖਣਗੇ ਅਤੇ ਹਰ ਖਰੀਦ ਕੇਂਦਰ ਦੀ ਰਿਪੋਰਟ ਅਤੇ ਮੁਸ਼ਕਲ ਨੂੰ ਫੋਰੀ ਤੌਰ ’ਤੇ ਹੱਲ ਕਰਵਾਉਣਗੇ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਵੀ ਮੌਜੂਦ ਸਨ।

ਇਸ ਮੌਕੇ ਸੈਕਟਰੀ ਮਨਮੋਹਨ ਸਿੰਘ, ਜ਼ਿਲਾ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਭੂਪਾਲ, ਰਣਵੀਰ ਸਿੰਘ ਗੋਬਿੰਦਪੁਰਾ, ਪਨਗ੍ਰੇਨ ਇੰਸਪੈਕਟਰ ਜਸਵੀਰ ਸਿੰਘ, ਪ੍ਰਕਾਸ਼ ਚੰਦ ਕੁਲਰੀਆਂ, ਹੈਪੀ ਮਲਹੋਤਰਾ,  ਹਰਪ੍ਰੀਤ ਸਿੰਘ ਪਿਆਰੀ, ਸੁਖਬੀਰ ਬਾਬਾ, ਸਰਪੰਚ ਰਣਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਦੇ ਇੰਸਪੈਕਟਰ ਅਤੇ ਅਧਿਕਾਰੀ ਤੇ ਕਾਂਗਰਸ ਪਾਰਟੀ ਦੇ ਆਗੂ ਮੌਜੂਦ ਸਨ।