ਰਜਬਾਹਾ ਓਵਰਫਲੋ ਹੋਣ ਕਾਰਨ ਡੁੱਬੀਆਂ ਫਸਲਾਂ ਤੇ ਰੇਲ ਦੀ ਪਟੜੀ

ਬਠਿੰਡਾ, (ਪੰਜਾਬੀ ਸਪੈਕਟ੍ਰਮ ਸਰਵਿਸ)-ਬਠਿੰਡਾ ਦੇ ਕੌਮੀ ਖਾਦ ਕਾਰਖਨੇ ਲਾਗਿਓ ਰੇਲ ਦੀ ਪਟੜੀ ਹੇਠਾਂ ਦੀ ਲੰਘਦੇ ਬਹਿਮਣ ਰਜਾਬਹੇ ਦੇ ਪਾਣੀ ਨੇ ਅੱਜ ਸਵੇਰ ਤੋਂ ਕਿਸਾਨਾਂ ਅਤੇ ਰੇਲ ਵਿਭਾਗ ਲਈ ਵੱਡਾ ਸੰਕਟ ਖੜਾ ਕਰ ਦਿੱਤਾ ਹੇ। ਇਸ ਰਜਬਾਹੇ ਦਾ ਪਾਣੀ ਅੱਜ ਓਵਰਫਲੋ ਹੋ ਗਿਆ ਹੈ ਜਿਸ ਨੇ ਰੇਲਵੇ ਲਾਈਨਾਂ ਅਤੇ ਖੇਤਾਂ ਤੋਂ ਇਲਾਵਾ ਇਲਾਕੇ ਦੀ ਵਸੋਂ ਨੂੰ ਲਪੇਟ ’ਚ ਲੈ ਲਿਆ ਹੈ। ਇਸ ਰਜਾਬਹੇ ਦੀ ਸਫਾਈ ਹੋਇਆਂ ਲੰਮਾਂ ਸਮਾਂ ਹੋ ਗਿਆ ਹੈ ਜਿਸ ਕਰਕੇ ਬੀਤੀ ਰਾਤ ਰੇਲਵੇ ਦਾ ਪੁਲ ਜਾਮ ਹੋ ਗਿਆ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਬਾਰਿਸ਼ ਅਤੇ ਹਵਾ ਕਾਰਨ ਆਏ ਕੂੜੇ ਕਰਕਟ ਕਾਰਨ ਰਜਬਾਹੇ ’ਚ ਗੰਦ ਮੰਦ ਅਤੇ ਪਾਣੀ ’ਚ ਵਾਧਾ ਹੋ ਗਿਆ। ਨਜ਼ਦੀਕ ਹੀ ਜ਼ਮੀਨ ’ਚ ਲੱਗੇ ਸਫੈਦੇ ਦੇ ਦਰਖਤ ਵੀ ਡਿੱਗਣੇ ਸ਼ੁਰੂ ਹੋ ਗਏ ਹਨ ਅਤੇ ਇੱਕ ਕਾਰ ਤੇ ਵੀ ਦਰਖਤ ਡਿੱਗ ਪਿਆ।
ਦੇਖਣ ’ਚ ਆਇਆ ਕਿ ਸੜਕਾਂ ਸਮੁੰਦਰ ਦਾ ਰੂਪ ਧਾਰਨ ਕਰ ਗਈਆਂ ਸਨ ਜਦੋਂਕਿ ਪਾਣੀ ਦਾ ਵਹਾਅ ਬਿਲਕੁੱਲ ਵੀ ਨਹੀਂ ਘਟਿਆ ਹੈ। ਕਿਸਾਨਾਂ ਨੇ ਦੱਸਿਆ ਕਿ ਉਨਾਂ: ਦੀਆਂ ਫਸਲਾਂ ਖਰਾਬ ਹੋ ਗਈਆਂ ਹਨ। ਉਨਾਂ ਖਦਸ਼ਾ ਜਤਾਇਆ ਕਿ ਜੇਕਰ ਅਬਾਦੀ ’ਚ ਪਾਣੀ ਦਾਖਲ ਹੋ ਗਿਆ ਤਾਂ ਵੱਡਾ ਨੁਕਸਾਨ ਕਰ ਸਕਦਾ ਹੈ।  ਉਨਾਂ ਦੱਸਿਆ ਕਿ ਪਾਣੀ ਬੰਦ ਕਰਨਾ ਜਰੂਰੀ ਹੈ ਨਹੀਂ ਤਾਂ ਹੋਰ ਵੀ ਦਰਜਨਾਂ ਕਿਸਾਨ ਲਪੇਟੇ ’ਚ ਆ ਜਾਣਗੇ। ਨੌਜਵਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਰਜਬਾਹੇ ’ਚ ਦਰਖਤਾਂ ਦੀਆਂ ਟਾਂਹਣੀਆਂ ਡਿੱਗ ਪਈਆਂ ਜੋ ਕਿ ਸਮੱਸਿਆ ਦਾ ਕਾਰਨ ਬਣੀਆਂ ਹਨ। ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਪਾਣੀ ਦਾ ਹੱਲ ਕੱਢੇ ਨਹੀਂ ਤਾਂ ਘਰਾਂ ਵਾਲਿਆਂ ਨੂੰ ਮਕਾਨ ਖਾਲੀ ਕਰਨੇ ਪੈਣਗੇ।
ਦੂਜੇ ਪਾਸੇ ਰੇਲਵੇ ਅਧਿਕਾਰੀਆਂ ਨੇ ਵੀ ਮੌਕੇ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜਾ ਲਿਆ ਹੈ।।ਜਾਣਕਾਰੀ ਅਨੁਸਾਰ ਰੇਲਵੇ ਲਾਈਨ ਜ਼ਮੀਨ ਵਿਚ ਧੱਸ ਗਈ ਹੈ ਜਿਸ ਦੇ ਸਿੱਟੇ ਵਜੋਂ ਫਰੀਦਕੋਟ ਰੂਟ ਤੇ ਜਾਣ ਵਾਲੀ ਸਮੁੱਚੀ ਆਵਾਜਾਈ ਰੋਕ ਦਿੱਤੀ ਗਈ ਹੈ।।ਸਿੰਚਾਈ ਵਿਭਾਗ ਦੇ ਐੱਸਡੀਓ ਮਨਦੀਪ ਸਿੰਘ ਦਾ ਕਹਿਣਾ ਸੀ ਕਿ ਪਾਣੀ ਘਟਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੁਲ ਕਰੀਬ 30 ਫੁੱਟ ਡੂੰਘਾ ਹੈ। ਉਨਾਂ ਦੱਸਿਆ ਕਿ  ਕਿ ਪਾਣੀ ਦੇ  ਬੰਦ ਹੋਣ ਉਪਰੰਤ ਪੁਲ ਦੀ ਸਫ਼ਾਈ ਕਰਵਾਈ ਜਾਵੇਗੀ।