ਸੂਬੇ ਦੇ ਕੁਝ ਜ਼ਿਲ੍ਹਿਆਂ ‘ਚ ਸ਼ਰਤਾਂ ਦੇ ਅਧਾਰ ‘ਤੇ ਖੁਲ੍ਹਣਗੀਆਂ ਦੁਕਾਨਾਂ, ਜਾਣੋ ਕਿਹੜੇ ਜ਼ਿਲ੍ਹੇ ਨੂੰ ਮਿਲੀ ਰਾਹਤ

ਬਠਿੰਡਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜਰ ਦੋ ਮਈ ਤੋਂ ਕੁਝ ਖਾਸ ਕੈਟਾਗਿਰੀਜ਼ ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਕਰਫਿਊ ਦੌਰਾਨ ਖੋਲਣ ਦੀ ਛੋਟ ਦਿੱਤੀ ਹੈ।

ਬਠਿੰਡਾ: ਇੱਥੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਬੀਸ੍ਰੀ ਨਿਵਾਸਨ ਆਈਏਐਸ ਨੇ ਪੰਜਾਬ ਸਰਕਾਰ (Punjab Government) ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜਰ ਦੋ ਮਈ ਤੋਂ ਕੁਝ ਖਾਸ ਕੈਟਾਗਿਰੀਜ਼ (categories shops) ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਕਰਫਿਊ (curfew) ਦੌਰਾਨ ਖੋਲਣ ਦੀ ਛੋਟ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕੇਵਲ ਕਰਿਆਣਾ, ਮੈਡੀਕਲ, ਡੇਅਰੀਆਂ, ਮਿਲਕ ਚਿਲਿੰਗ-ਮਿਲਕ ਕੁਲੈਕਸ਼ਨ ਸੈਂਟਰ, ਸਬਜੀਆਂ ਦੀਆਂ ਦੁਕਾਨਾਂ, ਬੇਕਰੀ, ਪੋਲਟਰੀ ਉਤਪਾਦਾਂ ਨਾਲ ਸਬੰਧਤ ਦੁਕਾਨਾਂ, ਸਪੇਅਰ ਪਾਰਟਸ ਦੀਆਂ ਦੁਕਾਨਾਂ ਸਮੇਤ ਹੋਰ ਵੀ ਕੁਝ ਦੁਕਾਨਾਂ ਖੁੱਲ੍ਹ ਸਕਣਗੀਆਂ।

ਇਸ ਤੋਂ ਬਿਨ੍ਹਾਂ ਸੁਪਰ ਸਟੋਰ ਪਬਲਿਕ ਲਈ ਨਹੀਂ ਖੁੱਲਣਗੇ ਪਰ ਇਹ ਪਹਿਲਾਂ ਤੋਂ ਜਾਰੀ ਜਰੂਰੀ ਵਸਤਾਂ ਦੀ ਹੋਮ ਡਲੀਵਰੀ ਕਰ ਸਕਣਗੇ। ਸਬਜੀਆਂ ਦੀ ਹੋਮ ਡਲੀਵਰੀ ਪਹਿਲਾਂ ਵਾਂਗ ਜਾਰੀ ਰਹੇਗੀ। ਮਾਰਕਿਟ ਕੰਪਲੈਕਸ਼ਾਂ ਵਿਚ ਬਣੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ। ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਨਾਲ ਹੀ ਈ-ਕਾਮਰਸ ਕੰਪਨੀਆਂ ਪਹਿਲਾਂ ਤੋਂ ਮਿਲੀਆਂ ਛੋਟਾਂ ਅਨੁਸਾਰ ਹੀ ਕੇਵਲ ਜਰੂਰੀ ਵਸਤਾਂ ਦੀ ਸਪਲਾਈ ਕਰ ਸਕਣਗੀਆਂ।

ਇਸ ਦੇ ਨਾਲ ਹੀ ਫ਼ਿਰੋਜ਼ਪੁਰ ਜ਼ਿਲ੍ਹਾ ਦੇ ਮੈਜਿਸਟ੍ਰੇਟ ਨੇ ਆਮ ਲੋਕ ਲਈ ਸਵੇਰੇ 6 ਤੋਂ 10 ਵਜੇ ਤੱਕ ਦੁਕਾਨਾਂ ਖੁੱਲ੍ਹਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਇੱਕ ਹੀ ਮੈਂਬਰ ਨੂੰ ਬਾਜ਼ਾਰ ਜਾਣ ਦੀ ਇਜਾਜ਼ਤ ਹੈ ਤੇ ਉਹ ਵੀ ਪੈਦਲ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਜੇਕਰ ਕੋਈ ਵਹੀਕਲ ‘ਤੇ ਜਾਂਦਾ ਹੈ ਤਾਂ ਉਸ ਦਾ ਵਾਹਨ ਜਬਤ ਕਰ ਲਿਆ ਜਾਏਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

ਇਸ ਦੌਰਾਨ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਮੇਂ ਹੋਮ ਡੀਲੀਵਰੀ ਨੂੰ ਉਤਸਾਹਿਤ ਕਰਨ। ਦੁਕਾਨਦਾਰ ਆਪਣੀਆਂ ਦੁਕਾਨਾਂ ਬਾਹਰ ਇੱਕ ਮੀਟਰ ਦੇ ਵਕਫੇ ‘ਤੇ ਸਰਕਲ ਲਗਾਉਣਗੇ ਤਾਂ ਜ਼ੋ ਗ੍ਰਾਹਕਾਂ ‘ਚ ਸਮਾਜਿਕ ਦੂਰੀ ਬਣਾਈ ਰੱਖੀ ਜਾ ਸਕੇ। ਨਾਲ ਹੀ ਗ੍ਰਾਹਕ ਨੇ ਮਾਸਕ ਲਾਜ਼ਮੀ ਪਾਇਆ ਹੋਵੇ।