ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਵਰਕਾਮ ਨੂੰ 8 ਮਈ ਤੋਂ ਸੂਬਾ ਭਰ ’ਚ ਸਾਰੇ 515 ਕੈਸ਼ ਕਾੳੂਂਟਰ ਖੋਲ੍ਹਣ ਦੇ ਹੁਕਮ

ਚੰਡੀਗੜ੍ਹ, 7 ਮਈ (ਪੰਜਾਬੀ ਸਪੈਕਟ੍ਰ੍ਰਮ ਸਰਵਿਸ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ (ਪੀ.ਐਸ.ਪੀ.ਸੀ.ਐਲ.) ਨੂੰ ਅੱਜ 8 ਮਈ ਤੋਂ ਸੂਬਾ ਭਰ ਵਿੱਚ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਸਾਰੇ 515 ਕੈਸ਼ ਕੁਲੈਕਸ਼ਨ ਸੈਂਟਰ ਖਪਤਕਾਰਾਂ ਦੇ ਬਿੱਲ ਜਮ੍ਹਾਂ ਕਰਵਾਉਣ ਲਈ ਚਲਾਉਣ ਦੇ ਹੁਕਮ ਦਿੱਤੇ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਖਿਆ। ਸੂਬਾ ਸਰਕਾਰ ਵੱਲੋਂ ਗਠਿਤ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਪੀ.ਐਸ.ਪੀ.ਸੀ.ਐਲ. ਵੱਲੋਂ ਕੰਮ ਸ਼ੁਰੂ ਲਈ ਤਿਆਰ ਕੀਤੀ ਵਿਸਥਾਰਤ ਰਣਨੀਤੀ ਨੂੰ ਪ੍ਰਵਾਨਗੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਬਿਜਲੀ ਦਾ ਮਹਿਕਮਾ ਵੀ ਹੈ, ਨੇ ਮੀਟਰ ਰੀਡਰਾਂ ਨੂੰ ਮੀਟਰਾਂ ’ਤੇ ਯੂਨਿਟਾਂ ਦੀ ਖਪਤ ਬਾਰੇ ਸੂਚਨਾ ਇਕੱਤਰ ਕਰਨ (ਮੀਟਰ ਰੀਡਿੰਗ) ਦਾ ਕਾਰਜ ਬਹਾਲ ਕਰਨ ਲਈ ਆਖਿਆ ਤਾਂ ਕਿ ਬਿਜਲੀ ਬਿੱਲਾਂ ਬਾਰੇ ਸ਼ਿਕਾਇਤਾਂ ਦੀ ਗਿਣਤੀ ਘਟਾਉਣ ਲਈ ਖਪਤਕਾਰਾਂ ਨੂੰ ਯੂਨਿਟਾਂ ਦੀ ਖਪਤ ਅਨੁਕੂਲ ਬਿੱਲ ਦੇਣਾ ਯਕੀਨੀ ਬਣਾਇਆ ਜਾ ਸਕੇ। ਸਾਰੇ ਮੀਟਰ ਰੀਡਰਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਕਾਇਮ ਲਈ ਆਖਿਆ ਗਿਆ ਹੈ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨੁਕਸਦਾਰ ਮੀਟਰਾਂ ਨੂੰ ਬਦਲਣ ਤੋਂ ਇਲਾਵਾ ਲੋੜ ਮੁਤਾਬਕ ਮੀਟਰ ਤੇ ਜ਼ਰੂਰੀ ਸਾਮਾਨ ਦੀ ਪੂਰਤੀ ਲਈ ਸਟੋਰਾਂ ਅਤੇ ਮੀਟਰਿੰਗ ਲੈਬਾਂ ਸਮੇਤ ਹੋਰ ਸਰਗਰਮੀਆਂ ਸ਼ੁਰੂ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ।