ਕੋਵਿਡ 19: ਕਣਕ ਦੀ ਖਰੀਦ ਦੌਰਾਨ ਕਰੋਨਾ ਦੇ ਫੈਲਾਅ ਨੂੰ ਰੋਕਣ ਵਿਚ ਪੰਜਾਬ ਸਰਕਾਰ ਹੋਈ ਕਾਮਯਾਬ

ਕਣਕ ਦੀ ਖਰੀਦ ਅਤੇ ਦੂਸਰੇ ਸੂਬਿਆਂ ਨੂੰ ਟਰੇਨਾਂ ਰਾਹੀਂ ਅਨਾਜ ਦੀ ਸਪਲਾਈ  ਲੱਗੇ ਹਰ ਵਿਅਕਤੀ ਨੇ ਸਮਾਜਿਕ ਦੂਰੀ ਤੇ ਬਚਾਉ ਨਿਯਮਾਂ ਨੂੰ ਅਪਣਾਇਆ

ਚੰਡੀਗੜ੍ਹ, 17 ਮਈ (ਪੰਜਾਬੀ ਸਪੈਕਟ੍ਰਮ ਸਰਵਿਸ): ਕੋਵਿਡ 19 ਦੇ ਖ਼ਤਰੇ ਦੇ ਬਾਵਜੂਦ ਦੇਸ਼ ਦੀ ਸਭ ਤੋਂ ਵੱਡੀ ਕਣਕ ਖਰੀਦ ਕਰਨ ਦੇ ਕਾਰਜ  ਦੌਰਾਨ ਕਰੋਨਾ ਦੇ ਫੈਲਾਅ ਨੂੰ ਰੋਕਣ ਵਿਚ ਪੰਜਾਬ ਸਰਕਾਰ  ਕਾਮਯਾਬ ਰਹੀ ਹੈ ਜਿਸ ਸਦਕੇ ਮੰਡੀਆਂ ਰਾਹੀਂ ਕਰੋਨਾ ਫੈਲਣ ਦਾ ਇਕ ਵੀ ਮਾਮਲਾ ਸੂਬੇ ਵਿਚ ਸਾਹਮਣੇ ਨਹੀਂ ਆਇਆ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ।ਉਨ੍ਹਾਂ ਕਿਹਾ ਕਿ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਾਜ ਦੀਆਂ ਮੰਡੀਆਂ ਵਿੱਚ 135 ਲੱਖ ਮੀ.ਟਨ ਕਣਕ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ  ਅਤੇਇਸ ਮਾਹਮਾਰੀ ਦੇ ਸਮੇਂ ਦੋਰਾਨ ਏਨੀ ਵੱਡੀ ਖਰੀਦ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਵਿੱਚ ਹਜ਼ਾਰਾਂ ਲੋਕਾਂ ਦੀ ਲੋੜ ਸੀ ਅਤੇ ਉਨ੍ਹਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਵੀ ਵੱਡੀ ਚੁਣੌਤੀ ਸੀ।
ਉਨ੍ਹਾਂ ਕਿਹਾ ਕਿ ਹੁਣ ਤੱਕ 122.91 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜ਼ੋ ਕਿ ਕੁਲ ਖਰੀਦ ਟੀਚੇ ਦਾ 92 ਫੀਸਦੀ ਤੋਂ ਵੱਧ ਹੈ।ਸ੍ਰੀ ਆਸ਼ੂ ਨੇ  ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ  ਕਿਸਾਨਾਂ, ਸਰਕਾਰੀ ਮੁਲਾਜ਼ਮਾਂ, ਆੜ੍ਹਤੀਆਂ, ਪੱਲੇਦਾਰਾਂ, ਟਰੱਕ ਡਰਾਈਵਰ ਅਤੇ ਇਸ ਕਾਰਜ ਵਿੱਚ ਲੱਗੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ  ਰਾਜ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ  ਬੀਤੇ ਵਰ੍ਹੇ ਨਾਲੋਂ ਖਰੀਦ ਕੇਂਦਰ ਦੀ ਗਿਣਤੀ ਨੂੰ ਵਧਾ ਕੇ 4000 ਕਰ ਦਿੱਤੀ ਗਈ ।ਇਸ ਖਰੀਦ ਕਾਰਜ ਵਿਚ ਪੰਜਾਬ ਸਰਕਾਰ ਦੇ ਤਕਰੀਬਨ 5000 ਅਧਿਕਾਰੀ/ ਕਰਮਚਾਰੀ, 25000 ਆੜ੍ਹਤੀਏ, ਤਕਰੀਬਨ 30000 ਪੱਲੇਦਾਰ ਅਤੇ 28000 ਤੋਂ ਵੱਧ ਟਰੱਕ ਡਰਾਈਵਰ  ਸ਼ਾਮਲ ਸਨ ਜਿਨ੍ਹਾਂ ਦੀ ਸਿਹਤ ਸੁਰੱਖਿਆ ਲਈ ਰਾਜ ਦੀਆਂ ਮੰਡੀਆਂ ਵਿੱਚ ਸਖਤੀ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਲਈ ਉਪਰਾਲੇ ਕੀਤੇ ਗਏ ਹਨ, ਇਸ ਨੀਤੀ ਦੇ ਤਹਿਤ ਮੰਡੀਆਂ ਵਿੱਚ 2 ਮੀਟਰ ਦਾ ਫਾਸਲਾ ਰੱਖਦੇ ਹੋਏ 30 ਫੁੱਟ ਬਾੲੀ 30 ਫੁੱਟ ਦੇ ਬੋਕਸ ਦੇ ਨਿਸ਼ਾਨ ਲਗਾਏ ਗਏ , ਜਿਨ੍ਹਾਂ ਵਿੱਚ ਹੀ ਕਣਕ ਦੀ ਢੇਰੀ ਉਤਾਰੀ ਜਾਂਦੀ ਹੈ ਅਤੇ ਸੀਜ਼ਨ ਦੌਰਾਨ ਸਰਕਾਰ ਵੱਲੋਂ ਕਣਕ ਦੀ ਬੋਲੀ ਦਾ ਸਮਾ ਸਵੇਰੇ 10.00 ਵਜੇ ਤੋਂ 6.00 ਵਜੇ ਤੱਕ ਦਾ ਨਿਰਧਾਰਤ ਕੀਤਾ ਗਿਆ ਸੀ। ਕਣਕ ਦੀ ਬੋਲੀ ਲਗਾਉਣ ਸਮੇਂ ਉਚਿਤ ਦੂਰੀ ਰੱਖਦੇ ਹੋਏ ਕਣਕ ਦੀ ਬੋਲੀ ਲਗਾਉਣ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਹੋਈ ਹੈ।
ਇਸ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੋਵਿਡ 19 ਦੇ ਮੱਦੇਨਜ਼ਰ ਬੀਮਾ ਵੀ ਕਰਵਾਇਆ ਗਿਆ ਸੀ।ਤਾਲਾਬੰਦੀ ਅਤੇ ਕਰਫਿਊ ਦੌਰਾਨ  ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਹੋਰਨਾਂ ਰਾਜਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ ਹੁਣ ਤੱਕ 1350 ਵਿਸ਼ੇਸ਼ ਰੇਲ ਗੱਡੀਆਂ ਰਾਹੀਂ 34 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ ਲੋਡ ਕੀਤੇ ਗਏ ਹਨ ਜਿਸ ਵਿਚ 23.5 ਲੱਖ ਮੀਟ੍ਰਿਕ ਟਨ ਚਾਵਲ ਅਤੇ 10.5 ਲੱਖ ਮੀਟ੍ਰਿਕ ਟਨ ਕਣਕ ਭੇਜੀ ਗਈ ਹੈ।