ਪੰਜਾਬ ਵਿੱਚ ਨਸ਼ਾ ਅੱਤਵਾਦ ਫੈਲਾਉਣ ਦੇ ਕੋਝੇ ਯਤਨਾਂ ਤੋਂ ਬਾਜ਼ ਆਵੇ ਪਾਕਿਸਤਾਨ-ਮੁੱਖ ਮੰਤਰੀ ਨੇ ਕੀਤੀ ਸਖ਼ਤ ਤਾੜਨਾ

ਚੰਡੀਗੜ੍ਹ, 9 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਨੂੰ  ਸਰਹੱਦ ਪਾਰ ਤੋਂ ਨਸ਼ਾ ਅੱਤਵਾਦ ਫੈਲਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਦਿ੍ਰੜਤਾ ਜ਼ਾਹਰ ਕਰਦਿਆਂ ਆਖਿਆ ਕਿ ਕੋਵਿਡ ਦੇ ਸੰਕਟ ਦਰਮਿਆਨ ਵੀ ਪੰਜਾਬ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਸਰਹੱਦ ਪਾਰ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।ਪੁਲੀਸ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਵੱਡੀ ਮੱਛੀਆਂ ਨੂੰ ਕਾਬੂ ਕਰਨ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਸਾਨੂੰ ਸਭ ਕੁਝ ਦਿਸ ਰਿਹਾ ਹੈ ਕਿ ਪਾਕਿਸਤਾਨ ਕਰ ਕੀ ਰਿਹਾ ਹੈ?’’ ਲੋਕਾਂ ਨੂੰ ਭਰੋਸਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਫਰੋਸ ਭਾਵੇਂ ਕੋਵਿਡ ਦੀਆਂ ਡਿੳੂਟੀਆਂ ਵਿੱਚ ਕਿੰਨੀ ਵੀ ਰੁੱਝੀ ਕਿਉਂ ਨਾ ਹੋਵੇ, ਸਰਹੱਦ ’ਤੇ ਪੂਰੀ ਨਿਗ੍ਹਾ ਰੱਖ ਰਹੀ ਹੈ। ਉਨ੍ਹਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਦੀ ਅਗਵਾਈ ਵਾਲੀ ਪੁਲੀਸ ਫੋਰਸ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਤਾਜ਼ਾ ਗਿ੍ਰਫਤਾਰੀਆਂ ਦੇ ਨਾਲ-ਨਾਲ ਹਿਜ਼ਬੁਲ ਮੁਜਾਹੀਦੀਨ ਖਿਲਾਫ਼ ਜੰਮੂ ਕਸ਼ਮੀਰ ਵੱਲੋਂ ਚਲਾਏ ਆਪਰੇਸ਼ਨਾਂ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਨੇ ਹਿਲਾਲ ਦੀ ਗਿ੍ਰਫਤਾਰੀ ਦਾ ਹਵਾਲਾ ਦਿੱਤਾ ਜੋ ਹਿਜ਼ਬੁਲ ਮੁਜਾਹੀਦੀਨ ਦਾ ਸਰਗਰਮ ਕਾਰਕੁੰਨ ਸੀ ਅਤੇ ਪਾਬੰਦੀਸ਼ੁਦਾ ਜਥੇਬੰਦੀ ਦਾ ਕਮਾਂਡਰ ਨਾਇਕੂ ਜਿਸ ਨੂੰ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਹਲਾਕ ਕਰ ਦਿੱਤਾ ਸੀ, ਦਾ ਨੇੜਲਾ ਸਾਥੀ ਸੀ।