ਮਿਸ਼ਨ ਫ਼ਤਿਹ ਮੁਹਿੰਮ ਨੂੰ ਲਾਗੂ ਕਰਦਿਆਂ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ : ਬਲਬੀਰ ਸਿੰੰਘ ਸਿੱਧੂ, ਅੱਜ ਤਕਰੀਬਨ 2850 ਬਲੱਡ ਯੂਨਿਟ ਇਕੱਠੇ ਕੀਤੇ ਗਏ

ਸਿਹਤ ਮੰਤਰੀ ਵੱਲੋਂ ਕੈਂਪ ਵਿੱਚ ਖੂਨ ਦਾਨ ਕਰਨ ਲਈ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਡਾ. ਜੀ.ਬੀ. ਸਿੰਘ ਦੀ ਸ਼ਲਾਘਾ

ਖੂਨ ਦੀ ਉਪਲੱਬਧਤਾ ਬਾਰੇ ਜਾਣਨ ਲਈ ਕੋਈ ਵੀ ਈ-ਰਕਤਕੋਸ਼ ਐਪਲੀਕੇਸ਼ਨ ਡਾਊਨਲੋਡ ਕਰ ਸਕਦਾ ਹੈ

ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਵੱਲੋਂ ਵਿਸ਼ਵ ਖੂਨਦਾਤਾ ਦਿਵਸ ਮਨਾਉਣ ਲਈ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਦੀ ਸ਼ੁਰੂਆਤ

ਚੰਡੀਗੜ,  (ਪੰਜਾਬੀ ਸਪੈਕਟ੍ਰਮ ਸਰਵਿਸ) ਵਿਸ਼ਵ ਖੂਨਦਾਤਾ ਦਿਵਸ ਮੌਕੇ  ਪੰਜਾਬ ਦੇ ਸਿਹਤ ਮੰਤਰੀ  ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਭਰ ਵਿੱਚ ਮਿਸ਼ਨ ਫਤਿਹ ਮੁਹਿੰਮ ਨੂੰ ਲਾਗੂ ਕਰਦਿਆਂ ਸਰਕਾਰੀ ਬਲੱਡ ਬੈਂਕਾਂ ਅਤੇ ਹਸਪਤਾਲਾਂ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਸਾਰੇ ਜ਼ਿਲਿਆਂ ਵਿਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਅੱਜ ਤਕਰੀਬਨ 2850 ਯੂਨਿਟ ਇਕੱਠੇ ਕੀਤੇ ਗਏ ਹਨ। ਖੂਨ ਦਾਨ ਕਰਨ ਵਾਲਿਆਂ ਅਤੇ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਦੀ ਵੀਕੈਂਡ ਲਾਕਡਾਊਨ ਦੌਰਾਨ ਬਿਨਾਂ ਰੁਕਾਵਟ ਆਵਾਜਾਈ ਲਈ ਬਲੱਡ ਬੈਂਕਾਂ ਦੁਆਰਾ ਸਪੈਸ਼ਲ ਪਾਸ ਜਾਰੀ ਕੀਤੇ ਗਏ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਕਾਰਨ ਆਮ ਅਤੇ ਐਮਰਜੈਂਸੀ ਦੋਵਾਂ ਸਥਿਤੀਆਂ ਵਿੱਚ ਸੁਰੱਖਿਅਤ ਅਤੇ ਮਿਆਰੀ ਖੂਨ ਅਤੇ ਖੂਨ ਦੇ ਪਦਾਰਥਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਖੂਨ ਦਾਨ ਦੀ ਲੋੜ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਮਰੀਜ਼ਾਂ ਦੀ ਸਭ ਤੋਂ ਵੱਧ ਰਿਕਵਰੀ ਦਰ ਨਾਲ ਪੰਜਾਬ ਨੇ  ਕੋਰੋਨਾ ਵਾਇਰਸ ਦੇ ਫੈਲਾਅ ‘ਤੇ ਸਫ਼ਲਤਾਪੂਰਕ ਕਾਬੂ ਪਾਇਆ ਹੈ ਅਤੇ ਇਸੇ ਸਮੇਂ ਹੀ ਹਸਪਤਾਲਾਂ ਵਿੱਚ ਖੂਨ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਬਲੱਡ ਬੈਂਕਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਸਿਹਤ ਵਿਭਾਗ ਵੱਲੋਂ ਤੇਜ਼ੀ ਨਾਲ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ, ਪੰਜਾਬ ਦੀ ਅਗਵਾਈ ਹੇਠ ਸੂਬੇ ਵਿੱਚ “ਮਿਸ਼ਨ ਫਤਿਹ” ਸ਼ੁਰੂ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਨਾਗਰਿਕਾਂ ਦੇ ਜੀਵਨ ਨੂੰ ਤੰਦਰੁਸਤ ਅਤੇ ਖੁਸ਼ਹਾਲ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਖੂਨਦਾਨ ਕੈਂਪਾਂ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ ਮੰਤਰੀ ਨੇ ਕਿਹਾ ਕਿ ਖੂਨ ਦੀ ਇੱਕ ਯੂਨਿਟ ਨਾਲ ਕਿਸੇ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਖੂਨਦਾਨ ਕਰਨਾ ਸਭ ਤੋਂ ਪਵਿੱਤਰ ਸਮਾਜਿਕ ਫਰਜ਼ ਹੈ ਅਤੇ ਹਰ ਵਿਅਕਤੀ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ।ਉਨਾਂ ਕਿਹਾ ਕਿ 18-65 ਸਾਲ ਅਤੇ ਘੱਟੋ ਘੱਟ 50 ਕਿਲੋਗ੍ਰਾਮ ਭਾਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਹਰੇਕ 3 ਮਹੀਨਿਆਂ ਬਾਅਦ 350/450 ਮਿਲੀਲੀਟਰ ਖੂਨ ਦਾਨ ਕਰ ਸਕਦਾ ਹੈ।  ਖੂਨਦਾਨ ਕਰਨ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ ਅਤੇ ਦਾਨ ਕੀਤਾ ਖੂਨ 24 ਘੰਟੇ ਤੋਂ 7 ਦਿਨਾਂ ਤੱਕ ਮਨੁੱਖੀ ਸਰੀਰ ਵਿਚ ਦੁਬਾਰਾ ਪੈਦਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਲਹੂ ਮਨੁੱਖੀ ਸਰੀਰ ਦਾ ਇਕ ਜ਼ਰੂਰੀ ਤੱਤ ਹੈ, ਇਸ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੋ ਸਕਦਾ ਅਤੇ ਖੂਨ ਦਾ ਕੋਈ ਬਦਲ ਨਹੀਂ ਹੋ ਸਕਦਾ। ਸਿਹਤ ਮੰਤਰੀ ਨੇ ਨਾਗਰਿਕਾਂ ਨੂੰ ਅੱਗੇ ਆਉਣ ਅਤੇ ਮਨੁੱਖੀ ਜਾਨਾਂ ਬਚਾਉਣ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ। ਸ. ਸਿੱਧੂ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਡਾ. ਜੀ.ਬੀ. ਸਿੰਘ ਦੀ ਇਸ ਪਵਿੱਤਰ ਅਵਸਰ ਮੌਕੇ ਕੈਂਪ ਵਿੱਚ ਖੂਨਦਾਨ ਕਰਨ ਲਈ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਅਜਿਹੀ ਨੇਕ ਪਹਿਲਕਦਮੀ ਨੌਜਵਾਨਾਂ ਨੂੰ ਲੋੜਵੰਦਾਂ ਲਈ ਖੂਨਦਾਨ ਕਰਨ ਵਾਸਤੇ ਵੀ ਪ੍ਰੇਰਿਤ ਕਰੇਗੀ।