ਨਸ਼ੇ ਦੀ ਖੇਪ ਅਤੇ ਡਰੱਗ ਮਨੀ ਸਣੇ ਦੋ ਤਸਕਰ ਕਾਬੂ

ਫ਼ਾਜ਼ਿਲਕਾ, (ਪੰਜਾਬੀ ਸਪੈਕਟ੍ਰਮ ਸਰਵਿਸ)- ਰਾਜਸਥਾਨ ਤੋਂ ਪੰਜਾਬ ‘ਚ ਨਸ਼ੇ ਦੀ ਤਸਕਰੀ ਕਰਨ ਵਾਲੇ ਦੋ ਤਸਕਰਾਂ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਥਾਣਾ ਫ਼ਾਜ਼ਿਲਕਾ ਵਲੋਂ ਨਸ਼ੇ ਦੀ ਖੇਪ ਅਤੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣੇ ਦੇ ਅਧਿਕਾਰੀ ਹਰਦਿਆਲ ਸਿੰਘ ਨੇ ਦੱਸਿਆ ਕਿ ਪਿੰਡ ਬਾਂਡੀਵਾਲਾ ਕਬੂਲ ਸ਼ਾਹ ਸੜਕ ‘ਤੇ ਇਕ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ‘ਚੋਂ 1 ਕਿਲੋਗ੍ਰਾਮ ਅਫ਼ੀਮ ਅਤੇ 40 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਤਸਕਰਾਂ ਦੀ ਪਹਿਚਾਣ ਜਸਕਰਨ ਸਿੰਘ ਅਤੇ ਰੌਸ਼ਨ ਲਾਲ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਦੋਵੇਂ ਤਸਕਰ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦੇ ਧੰਦੇ ‘ਚ ਲੱਗੇ ਹੋਏ ਹਨ ਅਤੇ ਪੁਲਿਸ ਇਨ੍ਹਾਂ ਦਾ ਰਿਕਾਰਡ ਦੇਖ ਰਹੀ ਹੈ ਕਿ ਇਨ੍ਹਾਂ ‘ਤੇ ਪਹਿਲਾਂ ਕਿੰਨੇ ਮਾਮਲੇ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਤਸਕਰਾਂ ਦੇ ਤਾਰ ਪੰਜਾਬ, ਰਾਜਸਥਾਨ ਤੋਂ ਲੈ ਕੇ ਮੱਧ-ਪ੍ਰਦੇਸ਼ ਤੱਕ ਜੁੜੇ ਹੋਏ ਹਨ।