ਪ੍ਰਸ਼ਾਸਨਿਕ ਢਿੱਲ ਮਿਲਣ ਦਾ ਨਜਾਇਜ ਫਾਇਦਾ ਉਠਾ ਰਹੇ ਹਨ ਜਲਾਲਾਬਾਦ ਦੇ ਲੋਕ

ਸਿਹਤ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੀ ਨਹੀ ਹੋ ਰਹੀ ਪਾਲਣਾ

ਜਲਾਲਾਬਾਦ, 11 ਮਈ (ਬਿਮਲ ਭਠੇਜਾ) ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਿਲਾ ਪ੍ਰਸ਼ਾਸਨ ਵਲੋ ਗ੍ਰੀਨ ਤੇ ਓਰੇਂਜ਼ ਜੋਨ ‘ਚ ਲੋਕਾਂ ਨੂੰ ਜਰੂਰੀ ਚੀਜਾਂ ਦੀ ਸਪਲਾਈ ਯਕੀਨੀ ਬਨਾਉਣ ਅਤੇ ਹੋਰ ਕੰਮ-ਕਾਜੀਆਂ ਦੀ ਅਰਥਵਿਵਸਥਾ ਨੂੰ ਪੱਟੜੀ ਤੇ ਲਿਆਉਣ ਲਈ ਸਮਾਬੱਧ ਢਿੱਲ ਦਿੱਤੀ ਗਈ ਹੈ ਪਰ ਜਲਾਲਾਬਾਦ ਹਲਕੇ ‘ਚ ਜਿੱਥੇ ਲੋਕ ਪ੍ਰਸ਼ਾਸਨਿਕ ਢਿੱਲ ਦਾ ਨਜਾਇਜ ਫਾਇਦਾ ਉਠਾ ਰਹੇ ਹਨ ਉਥੇ ਹੀ ਸਿਹਤ ਵਿਭਾਗ ਵਲੋਂ ਸ਼ੋਸ਼ਲ ਡਿਸਟੈਂਸੀ, ਮਾਸਕ ਦੀ ਵਰਤੋ ਅਤੇ ਹੋਰ ਬਣਾਏ ਗਏ ਨਿਯਮਾਂ ਨੂੰ ਵੀ ਲੋਕ ਟਿੱਚ ਜਾਣ ਰਹੇ ਹਨ। ਜਿਸਦੀ ਮਿਸਾਲ ਸੋਮਵਾਰ ਸ਼ਹਿਰ ਦੇ ਬਜਾਰਾਂ, ਏਟੀਐਮ ਮਸ਼ੀਨਾਂ ਅਤੇ ਰੇਹੜੀਆਂ ਤੇ ਖੜੇ ਲੋਕਾਂ ਤੋਂ ਦੇਖਣ ਨੂੰ ਮਿਲੀ। ਲੋਕ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਢਾਉਂਦੇ ਹੋਏ ਦਿਖਾਈ ਦਿੱਤੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਨਿਯਮਾਂ ਦੇ ਪਾਲਣ ਨੂੰ ਲੈ ਕੇ ਬਿਲਕੁਲ ਵੀ ਸੰਜੀਦਾ ਨਹੀਂ ਹਨ।
ਇਥੇ ਦੱਸ ਦੇਈਏ ਕਿ ਸਿਹਤ ਵਿਭਾਗ ਵਲੋਂ ਜਾਰੀ ਹਿਦਾਇਤਾਂ ਦਾ ਖਾਸ ਖਿਆਲ ਰੱਖਦੇ ਹੋਏ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕਰਫਿਊ ‘ਚ ਢਿੱਲ ਦਿੱਤੀ ਗਈ ਤਾਂਕਿ ਲੋਕ ਆਪਣੀ ਜਿੰਮੇਵਾਰੀ ਸਮਝ ਕੇ ਘਰਾਂ ਤੋਂ ਬਾਹਰ ਜਦੋ ਵੀ ਜਰੂਰੀ ਕੰਮ-ਕਾਜ ਲਈ ਨਿਕਲਣ ਤਾਂ ਉਹ ਮਾਸਕ ਪਹਿਨ ਕੇ ਰੱਖਣ, ਸ਼ੋਸ਼ਲ ਡਿਸਟੈਂਸੀ ਦਾ ਪਾਲਣ ਕਰਨ ਅਤੇ ਹੋਰ ਵੀ ਲੋੜੀਦੀਆਂ ਸਾਵਧੀਆਂ ਦੀ ਪਾਲਣਾ ਕਰਨ। ਪਰ ਜਲਾਲਾਬਾਦ ‘ਚ ਸ਼ਾਇਦ ਲੋਕ ਆਪਣੀ ਜਿੰਮੇਵਾਰੀ ਨੂੰ ਸਮਝਣ ਨੂੰ ਤਿਆਰ ਨਹੀਂ ਹਨ। ਜੇਕਰ ਬੈਂਕਾਂ ਦੇ ਬਾਹਰ ਏਟੀਐਮ ਸੈਂਟਰ ਵੱਲ ਨਜਰ ਦੌੜਾਈ ਜਾਵੇ ਤਾਂ ਲੋਕ ਪੈਸੇ ਕੱਢਵਾਉਣ ਲਈ ਇੱਕ-ਦੂਜੇ ਦੇ ਉੱਪਰ ਚੜ੍ਹੇ ਹੋਏ ਹਨ ਜਦਕਿ ਬੈਂਕਾਂ ਦੇ ਬਾਹਰ ਅਤੇ ਏਟੀਐਮ ‘ਚ ਦਾਖਲ ਹੋਣ ਲਈ ਲੋਕਾਂ ਨੂੰ ਆਪਣੇ ਵਿਚਕਾਰ ਘੱਟੋ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਜਰੂਰੀ ਹੈ। ਇਸ ਤੋਂ ਇਲਾਵਾ ਬਜਾਰਾ ‘ਚ ਖੜੀਆਂ ਫਲ- ਸਬਜੀਆਂ ਦੀਆਂ ਰੇਹੜੀਆਂ ਤੇ ਵੀ ਲੋਕ ਝੁਰਮਟ ਪਾ ਕੇ ਖੜੇ ਦਿਖਾਈ ਦੇ ਰਹੇ ਹਨ ਅਤੇ ਬਜਾਰਾਂ ‘ਚ ਵੀ ਲੋਕ ਬਿਨਾ ਮਤਲਬ ਤੋਂ ਘੁੰਮਦੇ ਵੀ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਸਾਫ ਲੱਗਦਾ ਹੈ ਕਿ ਭਵਿੱਖ ‘ਚ ਲੋਕ ਕੋਰੋਨਾ ਵਾਇਰਸ ਦੇ ਬਚਾਅ ਲਈ ਨਹੀਂ ਬਲਕਿ ਸੱਦਾ ਦੇਣ ਲਈ ਲੜ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸ਼ਨ ਕਿੰਨੀ ਜਲਦੀ ਸ਼ਹਿਰ ‘ਚ ਆਪਣੀ ਗਸ਼ਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਗਾ ਕੇ ਲੋਕਾਂ ਨੂੰ ਸ਼ੋਸ਼ਲ ਡਿਸਟੈਂਸੀ ਦਾ ਪਾਠ ਪੜ੍ਹਾਉਂਦਾ ਹੈ ਕਿਉਂਕਿ ਫਿਲਹਾਲ ਹਾਲ ਦੀ ਘੜੀ ‘ਚ ਤਾਂ ਲੋਕ ਪ੍ਰਸ਼ਾਸਨਿਕ ਨਿਯਮਾਂ ਨੂੰ ਟਿੱਚ ਜਾਣ ਰਹੇ ਹਨ।