ਬਾਹਰੋਂ ਆਏ ਵਿਅਕਤੀਆਂ ਸਬੰਧੀ ਸਰਪੰਚ, ਨੰਬਰਦਾਰ ਅਤੇ ਕੌਂਸਲਰ ਤੁਰੰਤ ਪ੍ਰਸ਼ਾਸਨ ਨੂੰ ਸੂਚਨਾ ਦੇਣ

ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫਾਜ਼ਿਲਕਾ

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਜਿਲੇ ਵਿੱਚ ਬਾਹਰੋਂ ਆਏ ਹਰੇਕ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਲਈ ਜਿਲੇ ਵਿੱਚ ਬਾਹਰੋਂ ਆਏ ਵਿਅਕਤੀਆਂ ਦੀ ਸੂਚਨਾ ਦੇਣ ਲਈ ਨੰਬਰਦਾਰ, ਸਰਪੰਚ ਅਤੇ ਕੌਂਸਲਰ ਦੀ ਜਿੰਮੇਵਾਰੀ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਵਿਡ-19 ਮਹਾਂਮਰੀ ਨੂੰ ਰੋਕਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਤਹਿਤ ਸਪੰਰਚ ਅਤੇ ਨੰਬਰਦਾਰ ਆਪਣੇ ਪਿੰਡ ਵਿੱਚ ਬਾਹਰੋਂ ਆਏ ਵਿਅਕਤੀਆਂ ਦੀ ਜਾਣਕਾਰੀ ਬੀ. ਡੀ. ਪੀ. ਓ./ਤਹਿਸੀਲਦਾਰ ਅਤੇ ਸ਼ਹਿਰਾਂ ਵਿੱਚ ਆਏ ਵਿਅਕਤੀ ਦੀ ਜਾਣਕਾਰੀ ਸਬੰਧਤ ਕੌਂਸਲਰਾਂ ਵੱਲੋਂ ਕਾਰਜ ਸਾਧਕ ਅਫ਼ਸਰਾਂ ਨੂੰ ਦੇਣੀ ਯਕੀਨੀ ਬਣਾਈ ਜਾਵੇਗੀ।   ਉਨਾਂ ਦੱਸਿਆ ਕਿ ਇਹ ਜਾਣਕਾਰੀ ਮਿਲਣ ‘ਤੇ ਰੈਪਿਡ ਰਿਸਪੌਂਸ ਟੀਮ ਆਪਣੇ ਖੇਤਰਾਂ ਵਿੱਚ ਪੈਂਦੇ ਵਿਅਕਤੀਆਂ ਦੀ ਤੁਰੰਤ ਸਕਰੀਨਿੰਗ ਕਰੇਗੀ। ਉਨਾਂ ਦੱਸਿਆ ਕਿ ਸਿਵਲ ਸਰਜਨ ਵੱਲੋਂ ਸਬੰਧਤ ਇਲਾਕੇ ਦੇ ਐਸ. ਐਮ. ਓ. ਅਤੇ ਜਿਲਾ ਕੰਟਰੋਲ ਰੂਮ ਦੀ ਸਹਾਇਤਾ ਨਾਲ ਬਾਹਰੋਂ ਆਏ ਵਿਅਕਤੀਆਂ ਦੀ ਜਾਂਚ ਕਰੇਗੀ ਅਤੇ ਸ਼ੱਕੀ ਵਿਅਕਤੀਆਂ ਦੇ ਤੁਰੰਤ ਟੈਸਟ ਵੀ ਕੀਤੇ ਜਾਣਗੇ।
ਉਹਨਾਂ ਦੱਸਿਆ ਕਿ ਹਰੇਕ ਸੈਕਟਰ ਮੈਜਿਸਟਰੇਟ ਯਕੀਨੀ ਬਣਾਏਗਾ ਕਿ ਬਾਹਰੋਂ ਆਏ ਵਿਅਕਤੀਆਂ ਦੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਾਂਚ ਕੀਤੀ ਜਾਵੇ ਅਤੇ ਸਮੂਹ ਐਸ. ਡੀ. ਐੱਮਜ਼. ਆਪਣੀ ਸਬ-ਡਵੀਜ਼ਨ ਵਿੱਚ ਇਸ ਸਬੰਧੀ ਹੋਣ ਵਾਲੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਕਰਨਗੇ।