ਪਰਵਾਸੀ ਮਜਦੂਰਾਂ ਨਾਲ ਲੱਦਿਆ ਛੋਟਾ ਹਾਥੀ ਪੁਲ ਉੱਪਰ ਪਲਟਿਆ, 15-20 ਮਜਦੂਰ ਜਖ਼ਮੀ

ਖੰਨਾ, (ਪੰਜਾਬੀ ਸਪੈਕਟ੍ਰਮ ਸਰਵਿਸ): ਪਰਵਾਸੀ ਮਜਦੂਰਾਂ ਨਾਲ ਲੱਦਿਆ ਇੱਕ ਛੋਟਾ ਹਾਥੀ ਰਾਸ਼ਟਰੀ ਹਾਈਵੇ ‘ਤੇ ਖੰਨਾ ‘ਚ ਪੈਂਦੇ ਦੈਹਿੜੂ ਦੇ ਪੁਲ ਉੱਪਰ ਪਲਟ ਗਿਆ। ਇਸ ਹਾਦਸੇ 15 ਤੋਂ 20 ਮਜਦੂਰ ਫੱਟੜ ਹੋ ਗਏ ਤੇ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਮਜਦੂਰ ਯੂਪੀ ਤੋਂ ਹੁਸ਼ਿਆਰਪੁਰ ਜੀਰੀ ਲਾਉਣ ਲਈ ਆ ਰਹੇ ਸਨ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਖਮੀਆਂ ਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਵਾ ਦਿੱਤਾ ਗਿਆ ਹੈ।
ਉੱਥੇ ਹੀ ਜਖਮੀਆਂ ਚੋਂ ਦੋ ਨੂੰ ਪਟਿਆਲਾ ਰੈਫਰ ਵੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੱਡੀ ਚਲਾਉਣ ਵਾਲੇ ਡਰਾਈਵਰ ਕੋਲ ਲਾਈਸੈਂਸ ਵੀ ਨਹੀਂ ਸੀ। ਮੌਕੇ ਤੇ ਪਹੁੰਚੇ ਏਐਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਹਾਈਵੇ ਤੇ ਇੱਕ ਛੋਟਾ ਹਾਥੀ ਟੈਂਪੂ ਪਲਟ ਗਿਆ ਹੈ। ਇਸ ‘ਚ 15 ਤੋਂ 20 ਮਜਦੂਰ ਸਨ, ਜੋ ਯੂਪੀ ਤੋਂ ਹੁਸ਼ਿਆਰਪੁਰ ਜੀਰੀ ਲਾਉਣ ਲਈ ਜਾ ਰਹੇ ਸਨ। ਗੱਡੀ ਦਾ ਸੁੰਤਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ ਹੈ ਤੇ ਜਖਮੀਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।