ਪ੍ਰਵਾਸੀ ਮਜ਼ਦੂਰਾਂ ਨਾਲ ਲੱਦਿਆ ਟਰੱਕ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ, ਡਰਾਇਵਰ ਫਰਾਰ

ਲੁਧਿਆਣਾ, 16 ਮਈ (ਪੰਜਾਬੀ ਸਪੈਕਟ੍ਰਮ ਸਰਵਿਸ): ਲੁਧਿਆਣਾ ‘ਚ ਦਿੱਲੀ ਨੈਸ਼ਨਲ ਹਾਈਵੇ ਤੇ ਪੁਲਿਸ ਨੇ ਇੱਕ ਟਰੱਕ ਨੂੰ ਕਬਜ਼ੇ ‘ਚ ਲਿਆ ਹੈ। ਇਸ ਟਰੱਕ ‘ਚ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਲੱਦਿਆ ਹੋਇਆ ਸੀ।ਟਰੱਕ ਡਰਾਇਵਰ ਇਨ੍ਹਾਂ ਮਜ਼ਦੂਰਾਂ ਦੀ ਬੇਬਸੀ ਦਾ ਫਾਇਦਾ ਚੁੱਕ ਇਨ੍ਹਾਂ ਨੂੰ ਘਰ ਛੱਡਣ ਦਾ ਝਾਂਸਾ ਦੇ ਰਿਹਾ ਸੀ।ਪਰ ਪੁਲਿਸ ਨੂੰ ਵੇਖਦੇ ਹੀ ਡਰਾਇਵਰ ਟਰੱਕ ਨੂੰ ਛੱਡ ਮੌਕੇ ਤੋਂ ਫਰਾਰ ਹੋ ਗਿਆ।ਫਿਲਹਾਲ ਪੁਲਿਸ ਨੇ ਇਸ ਟਰੱਕ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ।ਇਸ ਟਰੱਕ ਦੇ ਚਾਲਕ ਨੇ ਪੈਸੇ ਦੇ ਲਾਲਚ ‘ਚ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਟਰੱਕ ‘ਚ ਲੱਦ ਲਿਆ।ਇਸ ਟਰੱਕ ‘ਚ 50 ਤੋਂ ਵੀ ਵੱਧ ਮਜ਼ਦੂਰ ਲੱਦੇ ਹੋਏ ਸੀ।ਪੁਲਿਸ ਮੁਤਾਬਕ ਟਰੱਕ ਡਰਾਇਵਰ ਨੇ ਇਨ੍ਹਾਂ ਮਜ਼ਦੂਰਾਂ ਤੋਂ 3000 ਰੁਪਏ ਪ੍ਰਤੀ ਵਿਅਕਤੀ ਲਏ ਸਨ। ਪੁਲਿਸ ਨੇ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਕੁਆਰੰਟੀਨ ਸੈਂਟਰ ਭੇਜ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।