ਲੁਧਿਆਣਾ ‘ਚ ਕੋਰੋਨਾ ਦਾ ਪ੍ਰਕੋਪ, ਜ਼ਿਲਾ ਮੰਡੀ ਅਫਸਰ ਦੀ ਰਿਪੋਰਟ ਆਈ ਪਾਜ਼ੇਟਿਵ

ਲੁਧਿਆਣਾ (ਸਹਿਗਲ) : ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਜ਼ਿਲਾ ਮੰਡੀ ਅਫਸਰ ਜਸਵੀਰ ਕੌਰ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਲੁਧਿਆਣਾ ਸ਼ਹਿਰ ਅੰਦਰ ਇਕ ਦਿਨ (ਸ਼ੁੱਕਰਵਾਰ) ਵਿਚ ਹੀ ਕੋਰੋਨਾ ਵਾਇਰਸ ਦੇ ਚਾਰ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜ਼ਿਲਾ ਲੋਕ ਸੰਪਰਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 26 ਹੋ ਗਿਈ ਹੈ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਨਾਲ ਪੀੜਤ ਏ. ਸੀ. ਪੀ. ਦੀ ਪਤਨੀ, ਉਨ੍ਹਾਂ ਦੇ ਸੰਪਰਕ ਵਿਚ ਆਏ ਐੱਸ. ਐੱਚ. ਓ. ਅਤੇ ਉਨ੍ਹਾਂ ਦੇ ਗੰਨਮੈਨ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ।

ਕੋਰੋਨਾ ਵਾਇਰਸ ਦਾ ਸਬਜੀ ਮੰਡੀ ਕੁਨੈਕਸ਼ਨ
ਸ਼ਹਿਰ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਲਿੰਕ ਕਿਤੇ ਨਾ ਕਿਤੇ ਸਬਜੀ ਮੰਡੀ ਨਾਲ ਉਭਰ ਕੇ ਸਾਹਮਣੇ ਆ ਰਿਹਾ ਹੈ। ਏ. ਸੀ. ਪੀ. ਅਨਿਲ ਕੋਹਲੀ ਵੀ ਸਬਜੀ ਮੰਡੀ ਵਿਚ ਡਿਊਟੀ ਕਰ ਰਹੇ ਸਨ। ਉਨ੍ਹਾਂ ਨਾਲ ਕਈ ਹੋਰ ਪੁਲਸ ਅਧਿਕਾਰੀ ਵੀ ਸਬਜੀ ਮੰਡੀ ਵਿਚ ਆਉਂਦੇ ਜਾਂਦੇ ਰਹੇ ਸਨ। ਹੁਣ ਜ਼ਿਲਾ ਮੰਡੀ ਅਫਸਰ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਅਧਿਕਾਰੀ ਇਸ ਦੀ ਹੋਰ ਸੰਭਾਵਨਾ ਮੰਨ ਰਹੇ ਹਨ ਕਿ ਹਾਲ ਹੀ ਵਿਚ ਸਾਹਮਣੇ ਆਏ ਕਈ ਮਾਮਲਿਆਂ ਦੀ ਕੁਨੈਕਸ਼ਨ ਸਬਜੀ ਮੰਡੀ ਨਾਲ ਹੋ ਸਕਦਾ ਹੈ।

ਕੋਰੋਨਾ ਪਾਜ਼ੇਟਿਵ ਕਾਨੂੰਨਗੋ ਦੀ ਮੌਤ 
ਜ਼ਿਲੇ ਦੇ ਪਾਇਲ ਸ਼ਹਿਰ ਦੇ ਰਹਿਣ ਵਾਲੇ 58 ਸਾਲਾ ਮਾਲ ਵਿਭਾਗ ਦਾ ਕਾਨੂੰਨਗੋ ਗੁਰਮੇਲ ਸਿੰਘ ਜੋ ਕਿ ਕੋਰੋਨਾ ਪਾਜ਼ੇਟਿਵ ਸੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਕੋਰੋਨਾ ਵਾਇਰਸ ਨਾਲ ਇਹ ਪੰਜਾਬ ਵਿਚ 15ਵੀਂ ਮੌਤ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਮੇਲ ਸਿੰਘ ਪਾਇਲ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਉਹ ਘਰ ਵਿਚ ਹੀ ਸੀ। ਪਰਿਵਾਰ ਮੁਤਾਬਕ 10 ਅਪ੍ਰੈਲ ਤੋਂ ਉਨ੍ਹਾਂ ਦੀ ਸਿਹਤ ਕੁਝ ਖਰਾਬ ਚੱਲ ਰਹੀ ਸੀ, ਜਿਸ ਕਾਰਨ 14 ਅਪ੍ਰੈਲ ਨੂੰ ਉਹ ਹਸਪਤਾਲ ਵਿਚ ਭਰਤੀ ਹੋ ਗਏ। ਜਿਸ ਦੀ ਅੱਜ ਮੌਤ ਹੋ ਗਈ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੁਰਮੇਲ ਸਿੰਘ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ।