ਲੁਧਿਆਣਾ ਦੀ ਧਾਗਾ ਮਿੱਲ ‘ਚ ਭਿਆਨਕ ਅੱਗ, ਮੁੱਖ ਮੰਤਰੀ ਨੇ ਮੈਜਿਸਟਰੀਅਲ ਜਾਂਚ ਦੇ ਦਿੱਤੇ ਆਦੇਸ਼

ਲੁਧਿਆਣਾ (ਪੰਜਾਬੀ ਸਪੈਕਟ੍ਰਮ ਸਰਵਿਸ): ਐਤਵਾਰ ਦੁਪਹਿਰ ਲੁਧਿਆਣਾ ਦੇ ਚੀਮਾ ਚੌਕ ਨੇੜੇ ਆਰ ਕੇ ਰੋਡ ‘ਤੇ ਧਾਗਾ ਮਿੱਲ ਅੰਦਰ ਭਿਆਨਕ ਅੱਗ ਲੱਗ ਗਈ।ਆਰ ਟੀ ਫੈਕਟਰੀ ਧਾਗਾ ਮਿੱਲ ਐਤਵਾਰ ਕਾਰਨ ਬੰਦ ਸੀ ਪਰ ਮਾਲਕ ਫੈਕਟਰੀ ਅੰਦਰ ਹੀ ਮੌਜੂਦ ਸੀ ਅਤੇ ਘਟਨਾ ਦੌਰਾਨ ਬਚ ਨਿਕਲਣ ਵਿੱਚ ਸਫਲ ਹੋ ਗਿਆ।ਮਿੱਲ ਵਿੱਚ ਦਾਖਲ ਹੋਣ ਦਾ ਇਕੋ ਇੱਕ ਰਸਤਾ ਸੀ, ਜਿਸ ਕਾਰਨ ਫਾਇਰਮੈਨਜ ਨੂੰ ਅੱਗ ਤੇ ਕਾਬੂ ਪਾਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਅੱਗ ਇੰਨੀ ਭਿਆਨਕ ਸੀ ਕਿ ਉਸ ਉੱਤੇ ਕਾਬੂ ਪਾਉਣ ਲਈ 30 ਫਾਇਰਮੈਨਜ ਤਾਇਨਤ ਕੀਤੇ ਗਏ ਸਨ।ਫਾਇਰ ਸਟੇਸ਼ਨ ਅਫਸਰ ਸ਼੍ਰੀਸ਼ਟੀ ਨਾਥ ਸ਼ਰਮਾ ਨੇ ਦੱਸਿਆ ਕਿ ਅੱਗ ਕਰੀਬ 12:30 ਵਜੇ ਭੜਕੀ ਸੀ ਅਤੇ ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਉਸ ਤੇ ਕਾਬੂ ਪਾਇਆ ਗਿਆ।ਆਪ੍ਰੇਸਨ ਵਿੱਚ ਪਹਿਲਾਂ ਹੀ 40 ਤੋਂ ਵੱਧ ਫਾਇਰ ਟੈਂਡਰ ਵਰਤੇ ਜਾ ਚੁੱਕੇ ਹਨ। ਫੈਕਟਰੀ ਵਿੱਚ ਅੱਗ ਬੁਝਾਉਣ ਦੇ ਪ੍ਰਬੰਧ ਨਹੀਂ ਸਨ, ਅਤੇ ਮਾਲਕ ਨੇ ਫਾਇਰ ਵਿਭਾਗ ਤੋਂ ਐਨਓਸੀ ਵੀ ਪ੍ਰਾਪਤ ਨਹੀਂ ਕੀਤੀ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਦੀ ਮੈਜਿਸਟਰੀਅਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।