ਅਵਾਰਾ ਪਸ਼ੂਆਂ ਦੀ ਖਤਰਨਾਕ ਸਮੱਸਿਆ ਨੇ ਲੋਕਾਂ ਦਾ ਜਿਉਣਾ ਕੀਤਾ ਦੁੱਭਰ : ਸਹਿਗਲ ਹੁਣ ਗਲੀ-ਮੁਹੱਲਿਆਂ ਤੇ ਬਜਾਰਾਂ ’ਚ ਹਰਲ ਹਰਲ ਕਰਦੇ ਫਿਰਦੇ ਹਨ ਅਵਾਰਾ ਕੁੱਤੇ

ਕੋਟਕਪੂਰਾ, (ਗੁਰਿੰਦਰ ਸਿੰਘ) :- ਸ਼ਹਿਰ ਦੇ ਹਰ ਗਲੀ-ਮੁਹੱਲੇ ਅਤੇ ਬਾਜਾਰਾਂ ’ਚ ਅਵਾਰਾ ਕੁੱਤਿਆਂ ਸਮੇਤ ਕਈ ਕਿਸਮ ਦੇ ਅਵਾਰਾ ਪਸ਼ੂਆਂ ਦੀ ਭਰਮਾਰ ਹੈ। ਭਾਵੇਂ ਅਵਾਰਾ ਢੱਠਿਆਂ ਅਤੇ ਗਾਵਾਂ ਦੀ ਆਮਦ ਕਾਰਨ ਕਈ ਸੜਕ ਹਾਦਸਿਆਂ ਦੌਰਾਨ ਅਨੇਕਾਂ ਕੀਮਤੀ ਜਾਨਾ ਅਜਾਂਈ ਜਾ ਚੁੱਕੀਆਂ ਹਨ ਪਰ ਹੁਣ ਕੁੱਤਿਆਂ ਦੇ ਵੱਢਣ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਮੰਡਰਾ ਰਿਹਾ ਹੈ। ਕਿਉਂਕਿ ਹਰ ਗਲੀ-ਮੁਹੱਲੇ ’ਚ ਘਰੋਂ ਬਾਹਰ ਨਿਕਲਣ ਵਾਲੇ ਮਰਦ/ਔਰਤਾਂ, ਬੱਚਿਆਂ ਤੇ ਨੌਜਵਾਨਾ ਨੂੰ ਪਹਿਲਾਂ ਅਵਾਰਾ ਕੁੱਤਿਆਂ ਨਾਲ 2-4 ਹੋਣਾ ਪੈਂਦਾ ਹੈ। ਉਕਤ ਮਾਮਲੇ ਦਾ ਦੁਖਦ ਪਹਿਲੂ ਇਹ ਵੀ ਹੈ ਕਿ ਅਵਾਰਾ ਪਸ਼ੂ ਬਜਾਰੋਂ ਖਰੀਦ ਕੇ ਲਿਆਂਦੀ ਸਬਜੀ ਜਾਂ ਫਰੂਟ ਵਾਲੇ ਲਿਫਾਫਿਆਂ ਨੂੰ ਵਿਅਕਤੀ ਦੇ ਹੱਥੋਂ ਖੋਹਣ ਤੋਂ ਵੀ ਗੁਰੇਜ ਨਹੀਂ ਕਰਦੇ।
ਕਈ ਵਾਰ ਅਚਾਨਕ ਝਪਟ ਮਾਰਨ ਵਾਲੇ ਪਸ਼ੂਆਂ ਦੇ ਹਮਲੇ ਤੋਂ ਬਚਣ ਲਈ ਕਈ ਵਾਹਨ ਚਾਲਕ ਜਾਂ ਰਾਹਗੀਰ ਸੱਟ ਵੀ ਖਾ ਬੈਠਦੇ ਹਨ। ਨਰੇਸ਼ ਕੁਮਾਰ ਸਹਿਗਲ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਾਸੀਆਂ ਨੂੰ ਅਵਾਰਾ ਪਸ਼ੂਆਂ ਦੇ ਆਤੰਕ ਤੋਂ ਬਚਾਇਆ ਜਾਵੇ। ਭਾਵੇਂ ਇੱਥੋਂ ਦੀਆਂ ਗਊਸ਼ਾਲਾਵਾਂ ਦਾ ਸਲਾਨਾ ਬੱਜਟ ਕਰੋੜਾਂ ਰੁਪਏ ’ਚ ਹੈ ਅਤੇ ਸਰਕਾਰ ਵਲੋਂ ਵੀ ਗਊ ਟੈਕਸ ਦੇ ਨਾਂਅ ’ਤੇ ਜਬਰੀ ਕਰੋੜਾਂ-ਅਰਬਾਂ ਰੁਪਏ ਵਸੂਲੇ ਜਾ ਰਹੇ ਹਨ ਪਰ ਫਿਰ ਵੀ ਅਵਾਰਾ ਢੱਠੇ ਤੇ ਗਾਵਾਂ ਗੰਦਗੀ ’ਚ ਮੂੰਹ ਮਾਰ ਕੇ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਮਜਬੂਰ ਹਨ।
ਜਿਕਰਯੋਗ ਹੈ ਕਿ ਇਕ ਪਾਸੇ ਸਵੱਛ ਭਾਰਤ ਅਭਿਆਨ ਦੇ ਨਾਂਅ ’ਤੇ ਕਰੋੜਾਂ-ਅਰਬਾਂ ਰੁਪਿਆ ਖਰਚ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਅਵਾਰਾ ਪਸ਼ੂਆਂ ਕਾਰਨ ਫੈਲਦੀ ਗੰਦਗੀ ਨਾਲ ਜਿੱਥੇ ਸਵੱਛ ਭਾਰਤ ਅਭਿਆਨ ਦੇ ਦਾਅਵੇ ਖੋਖਲੇ ਨਜਰ ਆਉਂਦੇ ਹਨ, ਉੱਥੇ ਦੂਜੇ ਪਾਸੇ ਅਵਾਰਾ ਪਸ਼ੂਆਂ ਕਾਰਨ ਫੈਲੀ ਗੰਦਗੀ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਅਤੇ ਲੋਕਾਂ ਦੀ ਗੁਆਂਢੀਆਂ ਨਾਲ ਲੜਾਈ ਹੋਣ ਦੀਆਂ ਖਬਰਾਂ ਵੀ ਚਰਚਾ ’ਚ ਰਹਿੰਦੀਆਂ ਹਨ। ਕਿਉਂਕਿ ਸਥਾਨਕ ਨਗਰ ਕੋਂਸਲ ਨੇ ਸਫਾਈ ਮੁਹਿੰਮ ਸਬੰਧੀ ਕੰਧਾਂ ’ਤੇ ਪੇਂਟ ਕਰਵਾ ਕੇ ਅਤੇ ਸਫਾਈ ਬਾਰੇ ਸ਼ਬਦਾਵਲੀ ਲਿਖ ਕੇ ਖਾਨਾਪੂਰਤੀ ਕਰ ਦਿੱਤੀ ਹੈ।