ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਅਣਗਿਣਤ ਨਵੇਂ ਪੌਦੇ ਅਤੇ ਪੁਰਾਣੇ ਦਰੱਖਤ ਗਏ ਨੁਕਸਾਨੇ

ਕੋਟਕਪੂਰਾ, (ਅਰਸ਼ਦੀਪ ਸਿੰਘ ਅਰਸ਼ੀ) :- ਪੰਜਾਬ ਦੀ ਹਰਿਆਲੀ ਤੇ ਖੁਸ਼ਹਾਲੀ ਬਹਾਲ ਕਰਨ ਲਈ ਪਿਛਲੇ ਸਮੇਂ ’ਚ ਭਾਰੀ ਗਿਣਤੀ ’ਚ ਸਮਾਜਸੇਵੀਆਂ ਵਲੋਂ ਫੁੱਲਦਾਰ, ਛਾਂਦਾਰ ਅਤੇ ਫਲਦਾਰ ਬੂਟੇ ਲਾਏ ਗਏ, ਭਾਵੇਂ ਅਨੇਕਾਂ ਬੂਟੇ ਜਵਾਨ ਹੋਣ ਤੋਂ ਪਹਿਲਾਂ ਹੀ ਅਵਾਰਾ ਪਸ਼ੂਆਂ ਦੀ ਕਰੋਪੀ ਦੀ ਭੇਂਟ ਚੜ ਗਏ ਪਰ ਚੰਦ ਛਿੱਲੜਾਂ ਦੀ ਖਾਤਰ ਕੁਦਰਤ ਨਾਲ ਖਿਲਵਾੜ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਨੈਸ਼ਨਲ ਗਰੀਨ ਟਿ੍ਰਬਿਊਨਲ (ਐਨਜੀਟੀ), ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਵਲੋਂ ਹਰ ਸਾਲ ਪਰਾਲੀ ਜਾਂ ਨਾੜ ਨੂੰ ਅੱਗ ਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਕੀਤੇ ਜਾਂਦੇ ਦਾਅਵਿਆਂ ਦੇ ਬਾਵਜੂਦ ਝੋਨੇ ਜਾਂ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਕਰੋੜਾਂ ਦਰੱਖਤ ਸੜ ਜਾਂਦੇ ਹਨ ਪਰ ਉਕਤ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਜਾਂ ਤਾਂ ਕੋਈ ਕਾਰਵਾਈ ਹੁੰਦੀ ਨਹੀਂ ਤੇ ਜਾਂ ਮਾਮੂਲੀ ਕਾਰਵਾਈ ਕਰਕੇ ਬੁੱਤਾ ਸਾਰ ਦਿੱਤਾ ਜਾਂਦਾ ਹੈ। ਸਥਾਨਕ ਸ਼ਹਿਰ ਵਿੱਚੋਂ ਲੰਘਦੇ ਬਠਿੰਡਾ-ਅੰਮਿ੍ਰਤਸਰ ਮਾਰਗ ’ਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਹੇਠ ਸੜਕ ਦੇ ਦੋਹੀਂ ਪਾਸੀਂ ਛਾਂਦਾਰ ਬੂਟੇ ਲਾਏ ਗਏ ਸਨ, ਜੋ ਰਾਸ਼ਟਰੀ ਰਾਜ ਮਾਰਗ ਦੇ ਖੱਬੇ ਸੱਜੇ ਸਥਿੱਤ ਖੇਤਾਂ ’ਚ ਨਾੜ ਨੂੰ ਲਾਈ ਗਈ ਅੱਗ ਕਾਰਨ ਬਰਬਾਦ ਹੋ ਕੇ ਰਹਿ ਗਏ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਇਹ ਨਹੀਂ ਸੋਚਦੇ ਕਿ ਉਕਤ ਅੱਗ ਨਾਲ ਨਵੇਂ ਬੂਟਿਆਂ ਸਮੇਤ ਪੁਰਾਣੇ ਵੱਡੇ ਵੱਡੇ ਦਰੱਖਤ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਜਿਕਰਯੋਗ ਹੈ ਕਿ ਜਿਲਾ ਫਰੀਦਕੋਟ ’ਚ ਹਜਾਰਾਂ ਏਕੜ ਜਮੀਨ ਅਜਿਹੀ ਹੈ, ਜਿੱਥੇ ਸਖਤ ਕਾਰਵਾਈ ਦੀਆਂ ਹਦਾਇਤਾਂ ਅਤੇ ਦਾਅਵਿਆਂ ਦੇ ਬਾਵਜੂਦ ਕਣਕ ਦੇ ਨਾੜ ਨੂੰ ਅੱਗ ਲਾ ਕੇ ਸਾੜਿਆ ਗਿਆ ਅਤੇ ਅੱਜ ਵੀ ਅੱਗ ਲੱਗੇ ਖੇਤ ਸੁਆਹ ਸਮੇਤ ਗਵਾਹੀ ਭਰਦੇ ਦੇਖੇ ਜਾ ਸਕਦੇ ਹਨ। ਇਸ ਮਾਮਲੇ ’ਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਪੱਖ ਵੀ ਅਜੀਬ ਅਤੇ ਹਾਸੋਹੀਣਾ ਹੈ ਕਿ ਜੇਕਰ ਕੋਈ ਸ਼ਿਕਾਇਤ ਕਰੇਗਾ ਤਾਂ ਕਾਰਵਾਈ ਜਰੂਰ ਹੋਵੇਗੀ।