ਕਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਜ਼ਿਲ੍ਹਾ ਮੈਜਿਸਟਰੇਟ ਵਲੋਂ ਮਾਲ ਵਿਭਾਗ ਲਈ ਜਰੂਰੀ ਨਿਰਦੇਸ਼ ਜਾਰੀ

-ਤਬਦੀਲ ਮਲਕੀਅਤ ਦੇ ਵਸੀਕਿਆਂ ਨੂੰ ਰਜਿਸਟਰ ਕਰਨ ਤੇ ਪੂਰਨ ਤੌਰ ਤੇ ਰੋਕ ਹੋਵੇਗੀ

ਸ੍ਰੀ ਮੁਕਤਸਰ ਸਾਹਿਬ, 12 ਮਈ (ਸੁਖਵੰਤ ਸਿੰਘ)  ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਕਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਚੱਲਦਿਆਂ ਕਰਫਿਊ ਦੇ ਨਿਯਮਾਂ ਵਿੱਚ ਜਨਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ  ਅਹਿਮ ਹੁਕਮ ਜਾਰੀ ਕੀਤੇ ਗਏ ਹਨ। ਜਿਲ੍ਹਾ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਅਨੁਸਾਰ ਜ਼ਿਲ੍ਹੇ ਵਿੱਚ ਵੱਖ-ਵੱਖ ਕਿਸਮ ਦੇ ਵਸੀਕਿਆਂ ਦੀਆਂ ਰਜਿਸਟਰੀਆਂ ਦੇ ਕੰਮ ਨੂੰ ਮੁੜ ਸੁਰੂ ਕਰਨ ਲਈ ਆਨਲਾਈਨ ਸਿਸਟਮ ਰਾਹੀ ਦਸਤਾਵੇਜਾਂ ਨੂੰ ਰਜਿਸਟਰ ਕਰਵਾਉਣ ਲਈ ਮੌਜੂਦਾ ਗਿਣਤੀ ਦਾ ਤੀਜਾ ਹਿੱਸਾ ਜਾਂ ਵੱਧ ਤੋਂ ਵੱਧ 50 ਵਸੀਕੇ ਰੋਜਾਨਾ ਰਜਿਸਟਰ ਕੀਤੇ ਜਾਣਗੇ। ਆਨਲਾਈਨ ਦਰਸਤਾਵੇਜਾਂ ਦੀ ਰਜਿਸਟਰੀ ਦੇ ਕੰਮ ਵਿੱਚ ਬਾਇਓਮੀਟਰਕ ਦੀ ਵਰਤੋਂ ਹਾਲ ਦੀ ਘੜੀ ਬੰਦ ਰੱਖੀ ਜਾਵੇਗੀ।ਇਹਨਾਂ ਹੁਕਮਾਂ ਅਨੁਸਾਰ ਵਸੀਅਤ ਦਸਤਾਵੇਜਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਆਨਲਾਈਨ ਰਜਿਸਟਡ ਕੀਤਾ ਜਾਵੇਗਾ ਅਤੇ  ਹੋਰ ਦਸਤਾਵੇਜਾਂ ਨੂੰ ਆਨਲਾਈਨ ਰਜਿਸਟਡ ਕਰਵਾਉਣ ਲਈ ਵੇਚਣ ਵਾਲੇ ਅਤੇ ਵਸੀਕਾ ਤਸਦੀਕ ਕਰਵਾਉਣ ਵਾਲੇ ਦੀ ਫੋਟੋ ਰਿਅਲ ਟਾਈਮ ਅਤੇ ਆਨਲਾਈਨ ਪਹਿਲਾਂ ਵਾਂਗ ਹੀ ਲਈ ਜਾਵੇਗੀ। ਜਦਕਿ ਵਸੀਕੇ ਨਾਲ ਸਬੰਧਤ ਪਹਿਲੀ ਅਤੇ ਦੂਜੀ ਧਿਰ ਅਤੇ ਗਵਾਹ ਆਦਿ ਦੀਆਂ ਤਾਜਾ ਪਾਸਪੋਰਟ ਸਾਈਜ ਸਵੈ ਤਸਦੀਕ ਕੀਤੀਆਂ ਗਈਆਂ ਫੋਟੋਆਂ ਦਸਤਾਵੇਜਾਂ ਉੱਤੇ ਲਗਾਈਆਂ ਜਾਣਗੀਆਂ। ਇਹਨਾਂ ਹੁਕਮਾਂ ਅਨੁਸਾਰ ਹਾਲ ਦੀ ਘੜੀ ਖੂਨ ਦੇ ਰਿਸਤਿਆਂ ਵਿੱਚ ਕੀਤੇ ਜਾਂਦੇ ਤਬਦੀਲ ਮਲਕੀਅਤ ਦੇ ਵਸੀਕਿਆਂ ਨੂੰ ਰਜਿਸਟਰ ਕਰਨ ਤੇ ਪੂਰਨ ਤੌਰ ਤੇ ਰੋਕ ਹੋਵੇਗੀ ਅਤੇ ਇਸ ੇ ਸਬੰਧੀ ਫੈਸਲਾ ਮੌਜੂਦਾ ਸਥਿਤੀ ਨੂੰ ਵਿਚਾਰਨ ਤੋਂ ਬਾਅਦ ਵਿੱਚ ਲਿਆ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਰਜਿਸਟਰੇਸਨ ਦੇ ਕੰਮ ਤੋਂ ਇਲਾਵਾ ਮਾਲ ਵਿਭਾਗ ਵਿੱਚ ਫਰਦ ਕੇਂਦਰ ਵੀ ਖੋਲੇ ਗਏ ਹਨ ਜੋ ਕਿ ਆਮ ਦਿਨਾਂ ਵਾਂਗ ਹੀ ਕੰਮ ਕਰਨਗੇ। ਇਸ ਦੇ ਨਾਲ ਹੀ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦੇ ਅਸਟਾਮ ਫਰੋਸ, ਵਸੀਕਾ ਨਵੀਸ , ਕੰਪਿਊਟਰ ਓਪਰੇਟਰ ਅਤੇ ਫੋਟੋਗ੍ਰਾਫਰ ਆਦਿ ਵੀ ਉਪਰੋਕਤ ਸਾਰੀਆਂ ਹਦਾਇਤਾਂ ਦਾ ਪਾਲਣ ਕਰਨਗੇ।ਇਸ ਹੁਕਮ ਅਨੁਸਾਰ ਹੀ ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿੱਚ ਰਜਿਸਟਰੇਸਨ ਦੇ ਸਮੇਂ ਅਤੇ ਫਰਦ ਕੇਂਦਰ ਵਿੱਚ ਡਿਉਟੀ ਕਰਦੇ ਸਮੇਂ ਅਤੇ ਤਹਿਸੀਲ ਵਿੱਚ ਕੰਮ ਕਰਦੇ ਅਸਟਾਮ ਫਰੋਸ, ਵਸੀਕਾ ਨਵੀਸ,  ਫੋਟੋਗ੍ਰਾਫਰ ਅਤੇ ਕੰਪਿਊਟਰ ਅਪਰੇਟਰ ਆਦਿ ਵੱਲੋਂ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸੁਰੱਖਿਆ ਸਬੰਧੀ ਵੱਖ-ਵੱਖ ਸਮੇਂ ਜਾਰੀ ਕੀਤੀਆਂ ਹਦਾਇਤਾਂ ਅਤੇ ਕੋਵਿਡ 19 ਸਬੰਧੀ ਦਿਸਾ ਨਿਰਦੇਸਾਂ ਦੀ ਪਾਲਣਾ ਕਰਨੀ ਜਰੂਰੀ ਹੈ। ਕੋਵਿਡ-19 ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾਕੇ ਰੱਖੀ ਜਾਵੇਗੀ ਅਤੇ ਕਿਸੇ ਵੀ ਜਗ੍ਹਾ ਤੇ ਭੀੜ ਇੱਕਠੀ ਨਹੀਂ ਹੋਣ ਦਿੱਤੀ ਜਾਵੇਗੀ।

ਮੁਕਤਸਰ- ਵਸੀਕਾ ਨਵੀਸਾਂ ਵੱਲੋਂ 31 ਮਈ ਤੱਕ ਕੰਮ ਨਾ ਕਰਨ ਦਾ ਫੈਸਲਾ

 ਡੀ. ਸੀ. ਕੰਪਲੈਕਸ ਵਿੱਚ ਦਾਖਲੇ ‘ਤੇ ਲਾਈਆਂ ਪਾਬੰਦੀਆਂ ਤੋਂ ਤਣਾਅ
ਮੁਕਤਸਰ ਪ੍ਰਸ਼ਾਸਨ ਵੱਲੋਂ ਰਜਿਸਟਰੀਆਂ ਦਾ ਕੰਮ ਤਾਂ ਖੋਲ ਦਿੱਤਾ ਹੈ ਪਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਦਾਖਲੇ ਦੀ ਮਨਾਹੀ ਹੋਣ ਕਰਕੇ ਬਹੁਤੇ ਵਸੀਕਾ ਨਵੀਸਾਂ ਨੂੰ ਦੁਕਾਨਾਂ ਨਹੀਂ ਖੋਲਣ ਦਿੱਤੀਆਂ ਜਾ ਰਹੀਆਂ ਤੇ ਨਾਲ ਹੀ ਕੰਪਲੈਕਸ ਵਿੱਚ ਆਮ ਆਦਮੀ ਨੂੰ ਦਾਖਲ ਹੋਣ ਦੀ ਇਜਾਜ਼ਤ ਹੈ। ਇਸ ਕਰਕੇ ਮੁਕਤਸਰ ਤਹਿਸੀਲ ਵਿੱਚ ਕੰਮ ਕਰਦੇ ਵਸੀਕਾ ਨਵੀਸਾਂ, ਅਰਜ਼ੀ ਨਵੀਸਾਂ, ਅਸ਼ਟਾਮ ਫਰੋਸ਼ਾਂ, ਨਕਸ਼ਾ ਨਵੀਸਾਂ, ਫੋਟੋਸਟੇਟ ਅਤੇ ਕੰਪਿਊਟਰ ਆਪ੍ਰੇਟਰਾਂ ਨੇ ਸਤਪਾਲ ਅਰੋੜਾ ਦੀ ਪ੍ਰਧਾਨਗੀ ਹੇਠ ਬੈਠਕ ਕਰਦਿਆਂ 31 ਮਈ ਤੱਕ ਕੰਮ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਵਸੀਕਾ ਨਵੀਸ ਰਾਜ ਕੁਮਾਰ ਬੱਤਰਾ, ਸਚਿੰਦਰਪਾਲ ਨੋਨੀ ਮੱਕੜ, ਸੁਭਾਸ਼ ਚੰਦਰ ਮਿੱਤਲ, ਅਭੈ ਜੱਗਾ, ਜੋਤ ਪ੍ਰਕਾਸ਼ ਭਾਟੀਆ, ਹਰਿੰਦਰ ਢੋਸੀਵਾਲ, ਐਡਵੋਕੇਟ ਅਮਰਜੀਤ ਸਿੰਘ, ਹਰੀਸ਼ ਕੁਮਾਰ ਚਗਤੀ, ਅਸ਼ਟਾਮ ਫਰੋਸ਼ ਬਲਤੇਜ ਸਿੰਘ, ਰਜੇਸ਼ ਕੁਮਾਰ ਭਟੇਜਾ, ਰਾਜਨ ਚਗਤੀ, ਜਰਨੈਲ ਸਿੰਘ ਨਾਰੰਗ, ਤਾਰਿਗ ਗਰਗ, ਸੁਨੀਲ ਕੁਮਾਰ, ਜਗਦੀਪ ਸਿੰਘ ਰੌਕੀ ਹੋਰਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਵੀ ਉਹ ਆਪਣੇ ਅਤੇ ਲੋਕਾਂ ਦੇ ਬਚਾਅ ਲਈ 31 ਮਈ ਤੱਕ ਕੰਮ ਨਹੀਂ ਕਰਨਗੇ। ਦੱਸਣਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਦਫਤਰ ਵਿੱਚ ਬਣੇ ਤਹਿਸੀਲ ਦਫਤਰ ਅਤੇ ਫਰਦ ਕੇਂਦਰ ਨੂੰ ਇਥੋਂ ਬਾਹਰ ਕੱਢਕੇ ਲਾਗਲੇ ਚੱਕ ਬੀੜ ਸਰਕਾਰ ਦੇ ਸਕੂਲ ਵਿੱਚ ਤਬਦੀਲ ਕਰ ਦਿੱਤਾ ਹੈ ਪਰ ਕੰਪਲੈਕਸ ਦੇ ਵਿੱਚ ਅਤੇ ਬਾਹਰ ਬਣੀਆਂ ਅਰਜ਼ੀ ਨਵੀਸਾਂ ਦੀਆਂ ਦੁਕਾਨਾਂ ਖੋਲਣ ਦੀ ਮਨਾਹੀ ਕਰ ਦਿੱਤੀ ਹੈ। ਇਸ ਕਰਕੇ ਜਦੋਂ ਅਰਜ਼ੀ ਨਵੀਸ ਆਪਣੀਆਂ ਦੁਕਾਨਾਂ ਨਹੀਂ ਖੋਲਣਗੇ ਤਾਂ ਉਹ ਕੰਮ ਕਿਵੇਂ ਕਰਨ। ਉਨਾਂ ਦੱਸਿਆ ਕਿ ਜਿਹੜੀਆਂ ਰਜਿਸਟਰੀਆਂ ਦਾ ਆਨ-ਲਾਈਨ ਸਮਾਂ ਲਿਆ ਹੈ ਉਹ ਕੀਤੀਆਂ ਜਾਣਗੀਆਂ ਹੋਰ ਸਮਾਂ ਨਹੀਂ ਲਿਆ ਜਾਵੇਗਾ। ਇਹ ਤਣਾਅ ਦੋ ਦਿਨਾਂ ਤੋਂ ਬਣਿਆ ਹੋਇਆ ਹੈ।
ਇਸ ਦੌਰਾਨ ਜ਼ਿਲਾ ਮਾਲ ਅਫਸਰ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਜਲਦੀ ਹੀ ਵਸੀਕਾ ਨਵੀਸਾਂ ਤੇ ਅਰਜ਼ੀ ਨਵੀਸਾਂ ਨੂੰ ਪਾਸ ਜਾਰੀ ਕਰਕੇ ਸਮੱਸਿਆ ਦਾ ਹੱਲ ਕਰਨ ਦਾ ਯਤਨ ਕਰਨਗੇ। ਉਨਾਂ ਦੱਸਿਆ ਕਿ ਮੁਕਤਸਰ ਵਿਖੇ ਤਹਿਸੀਲਦਾਰ ਗਿਦੜਬਾਹਾ ਵੱਲੋਂ ਅੱਜ ਪੰਜ ਰਜਿਸਟਰੀਆਂ ਕੀਤੀਆਂ ਗਈਆਂ ਹਨ।