ਕੋਰੋਨਾ ਪਾਜ਼ੇਟਿਵ 36 ਹੋਰ ਵਿਅਕਤੀ ਹੋਏ ਠੀਕ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਤੱਕ ਕੁਲ 42 ਮਰੀਜ਼ ਠੀਕ ਹੋਏ

ਡਾ ਹਰੀ ਨਰਾਇਣ ਸਿੰਘ: ਕੋਵਿਡ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ ਅੱਜ 36 ਮਰੀਜਾਂ ਨੂੰ ਠੀਕ ਹੋਣ ਉਪਰੰਤ ਦਿੱਤੀ ਛੁੱਟੀ।

ਸ੍ਰੀ ਮੁਕਤਸਰ ਸਾਹਿਬ, 17 ਮਈ (ਸਰਬਜੀਤ ਦਰਦੀ) ਅੱਜ 36 ਕੋਰੋਨਾ  ਪਾਜ਼ੇਟਿਵ ਮਰੀਜਾਂ ਨੂੰ ਠੀਕ ਹੋਣ ਉਪਰੰਤ ਕੋਵਿਡ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ ਛੁੱਟੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ 6 ਮਰੀਜ਼ ਪਹਿਲਾਂ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਅੱਜ 36 ਮਰੀਜਾਂ ਨੂੰ ਹੋਰ ਛੁੱਟੀ ਦਿੱਤੀ ਗਈ ਹੈ। ਹੁਣ ਤੱਕ 42 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ 23 ਮਰੀਜ਼ ਹੋਰ ਕੋਵਿਡ ਹਸਪਤਾਲ ਵਿੱਚ ਦਾਖਿਲ ਹਨ, ਜਿਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ, ਠੀਕ ਹੋਣ ਉਪਰੰਤ ਉਹਨਾਂ ਨੂੰ ਵੀ ਘਰ ਭੇਜ਼ ਦਿੱਤਾ ਜਾਵੇਗਾ।
ਡਿਸਚਾਰਜ ਕੀਤੇ ਮਰੀਜਾਂ ਨੂੰ ਹਸਪਤਾਲ ਦੇ ਸਟਾਫ਼ ਅਤੇ ਖਾਣੇ ਦੀ ਪ੍ਰਸੰਸਾ ਕੀਤੀ ਅਤੇ ਬਾਕੀ ਦਾਖਿਲ ਮਰੀਜਾਂ ਦੇ ਜਲਦੀ ਠੀਕ ਹੋਣ ਸਬੰਧੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ।  ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਈ ਨਵਾਂ ਮਰੀਜ਼ ਪਾਜ਼ੈਟਿਵ ਨਹੀਂ ਆਇਆ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਕੋਈ ਮਰੀਜ਼ ਪਾਜ਼ੇਟਿਵ ਨਾ ਆਇਆ ਤਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਹੋ ਜਾਵੇਗਾ।  ਉਹਨਾਂ ਕੋਵਿਡ ਸਬੰਧੀ ਅਪਡੇਟ ਜਾਣਕਾਰੀ ਦਿੰਦੇ  ਹੋਏ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਲਏ ਗਏ ਸੈਂਪਲਾਂ ਵਿੱਚ ਅੱਜ 67 ਕੋਵਿਡ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਅਤੇ 154  ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।  ਅੱਜ ਜਿਲ੍ਹੇ ਦੇ ਵੱਖ ਵੱਖ ਫਲੂ ਕਾਰਨਰਾਂ ਵਿੱਚ 54 ਸੈਂਪਲ ਇਕੱਤਰ ਕੀਤੇ ਗਏ ਹਨ ਅਤੇ ਅੱਜ ਤੱਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚੋਂ 1558 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।