ਗੁਰਦੁਆਰਾ ਸ਼ਹੀਦ ਗੰਜ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਸਮਾਗਮ 

ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਨੇ ਕੀਤਾ ਸ਼ਬਦ ਕੀਰਤਨ

ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਸਿੰਘ , ਸੁਖਵੰਤ ਸਿੰਘ) – ਸਾਕਾ ਨੀਲਾ ਤਾਰਾ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ, ਇਸ ਸਬੰਧੀ ਮੁਖ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ। ਜਿਕਰਯੋਗ ਹੈ ਕਿ ਸੰਨ 1984 ਵਿੱਚ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਨੇ ਸਾਕਾ ਨੀਲਾ ਤਾਰਾ ਦੇ ਨਾਮ ਹੇਠ ਪੰਜਾਬ ਵਿੱਚ 37 ਗੁਰਦੁਆਰਿਆਂ ਉਪਰ ਹਮਲਾ ਕੀਤਾ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤੇ ਅਨੁਸਾਰ ਪੰਜਾਬ ਵਿੱਚਲੇ ਸਮੂਹ ਗੁਰਦੁਆਰਿਆਂ ’ਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਸੁਰੂ ਕੀਤੇ ਗਏ ਸਨ, 6 ਜੂਨ ਨੂੰ ਪਾਠ ਦੇ ਭੋਗ ਪਾਏ ਗਏ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਸ. ਸੁਮੇਰ ਸਿੰਘ ਬਾਦੀਆਂ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਦਿਆਂ  6 ਜੂਨ ਨੂੰ ਅਖੰਡ ਪਾਠ ਦੇ ਭੋਗ ਪਾਏ ਗਏ।
ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਤਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਦੇ ਕੀਰਤਨ ਦੁਆਰਾ ਸ਼ਹੀਦਾਂ ਨੂੰ ਯਾਦ ਕਰਦਿਆਂ ਸੰਗਤਾਂ ਨੂੰ ਗੁਰੂ-ਘਰ ਨਾਲ ਜੋੜਿਆ। ਇਸ ਮੌਕੇ ਹੈਡ ਗੰ੍ਰਥੀ ਭਾਈ ਬਲਵਿੰਦਰ ਸਿੰਘ ਨੇ ਅਖੰਡ ਪਾਠ ਦੀ ਸੰਪੂਰਨਤਾ ਸਮੇਂ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ। ਹੁਕਮਨਾਮੇ ਉਪਰੰਤ ਹੈਡ ਗੰ੍ਰਥੀ ਭਾਈ ਬਲਵਿੰਦਰ ਸਿੰਘ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਫੌਜੀ ਹਮਲੇ ਵਿਰੁਧ ਵਖਾਈ ਬਹਾਦਰੀ ਤੇ ਦਲੇਰੀ ਨੂੰ ਸ਼ਾਨਾਂਮੱਤੀ ਅਤੇ ਇਤਿਹਾਸਕ ਦੱਸਦਿਆਂ ਕੌਮ ਨੂੰ ਆਪਣਾ ਵਿਰਸਾ ਸੰਭਾਲਣ ਦੀ ਅਪੀਲ ਕੀਤੀ। ਮੈਨੇਜਰ ਸ. ਸੁਮੇਰ ਸਿੰਘ ਬਾਦੀਆਂ ਨੇ ਵੀ ਸ਼ਹੀਦਾਂ ਨੂੰ ਯਾਦ ਕਰਦਿਆਂ ਸਮੁੱਚੇ ਇਲਾਕੇ ਵਿੱਚੋਂ ਹਾਜਰ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਸਮੇਂ ਕਾਫੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ, ਜਿੰਨ੍ਹਾਂ ਨੇ ਇਸ ਵੇਲੇ ਸਿਹਤ ਮਹਿਕਮੇਂ ਵੱਲੋਂ ਸਮਾਜਿਕ ਦੂਰੀ ਬਣਾਏ ਰੱਖਣ ਸਬੰਧੀ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਵੱਢੀ ਗਿਣਤੀ ਵਿੱਚ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਆਪਣੇ ਘਰਾਂ ਵਿੱਚ ਬੈਠ ਕੇ ਸ਼ਹੀਦਾਂ ਨੂੰ ਸ਼ਰਧਾਜਲੀਆਂ ਭੇਟ ਕਰਦਿਆਂ ਗੁਰਬਾਣੀ ਪੜ੍ਹੀ, ਸੁਣੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂਆਂ ਸਮੇਤ ਹੋਰ ਵੀ ਕਈ ਸਖਸ਼ੀਅਤਾਂ ਹਾਜਰ ਸਨ। ਇਸ ਮੌਕੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਅਫਸਰ ਮੋਹਨ ਲਾਲ ਦੀ ਅਗਵਾਈ ਵਿੱਚ ਸੁਰੱਖਿਆ ਦੇ ਪ੍ਰਬੰਧਾਂ ਲਈ ਵੱਢੀ ਗਿਣਤੀ ਵਿੱਚ ਪੁਲਿਸ ਲਗਾਈ ਗਈ ਸੀ