ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਵੱਲੋਂ ਕਹੀ ਮਾਰ ਕੇ ਪਤਨੀ ਦਾ ਕਤਲ

ਗਿੱਦੜਬਾਹਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਹਲਕਾ ਗਿੱਦੜਬਾਹਾ ਦੇ ਪਿੰਡ ਸਾਹਿਬਚੰਦ ‘ਚ ਇਕ ਵਿਅਕਤੀ ਵੱਲੋਂ ਕਹੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਨਾਜ਼ਮ ਸਿੰਘ ਵਾਸੀ ਸਾਹਿਬਚੰਦ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਸੁਖਪ੍ਰੀਤ ਕੌਰ (42) ਦਾ ਕਹੀ ਮਾਰ ਕੇ ਗਲਾ ਵੱਢ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਦਾ ਪਤਾ ਲਗਦਿਆਂ ਹੀ ਥਾਣਾ ਕੋਟਭਾਈ ਦੇ ਐਸਆਈ ਰਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਓਧਰ ਘਟਨਾ ਨੂੰ ਲੈ ਕੇ ਪਰਿਵਾਰ ਸਦਮੇ ਵਿਚ ਹੈ ਅਤੇ ਇਸ ਘਟਨਾ ਸਬੰਧੀ ਕੋਈ ਵੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ। ਮਿ੍ਰਤਕਾ ਦੇ ਤਿੰਨ ਪੁੱਤਰ ਹਨ ਅਤੇ ਘਟਨਾ ਸਮੇਂ ਸਾਰੇ ਹੀ ਆਪਣੇ ਕੰਮਾਂ ‘ਤੇ ਗਏ ਹੋਏ ਸਨ। ਜਦ ਇਸ ਸਬੰਧੀ ਥਾਣਾ ਕੋਟਭਾਈ ਦੇ ਮੁੱਖ ਅਫ਼ਸਰ ਅੰਗਰੇਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਹ ਖ਼ੁਦ ਕਿਸੇ ਕੰਮ ਲਈ ਬਾਹਰ ਗਏ ਹੋਣ ਕਰਕੇ ਉਨ੍ਹਾਂ ਇਸ ਕੇਸ ਲਈ ਐਸਆਈ ਰਾਮ ਸਿੰਘ ਦੀ ਡਿਊਟੀ ਲਗਾਈ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਮਾਮਲੇ ਦੀ ਜਾਂਚ ਅਤੇ ਮਿ੍ਰਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਨ ਉਪਰੰਤ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।