ਚਾਰ ਕਣੀਆਂ ਨਾਲ ਮੁਕਤਸਰ ਹੋਇਆ ਜਲਥਲ – ਸੀਵਰੇਜ ਸਿਸਟਮ ਫੇਲ, ਸੜਕਾਂ ‘ਤੇ ਭਰਿਆ ਗੰਦਾ ਪਾਣੀ

ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ) ਕਰੀਬ ਇਕ ਵਰਾ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਸਾਫ ਕੀਤਾ ਮੁਕਤਸਰ ਦਾ ਸੀਵਰੇਜ ਸਿਸਟਮ ਬੀਤੇ ਦਿਨੀਂ ਪਈਆਂ ਚਾਰ ਕੁ ਕਣੀਆਂ ਦੀ ਮਾਰ ਵੀ ਨਹੀਂ ਝੱਲ ਸਕਿਆ। ਸ਼ਹਿਰ ਦੇ ਹਾਲ ਬਜ਼ਾਰ, ਗਾਂਧੀ ਚੌਂਕ, ਥਾਂਦੇਵਾਲਾ ਰੋਡ ਦੀਆਂ ਗਲੀਆਂ, ਖਾਲਸਾ ਸਕੂਲ ਰੋਡ ਦੀਆਂ ਗਲੀਆਂ, ਅਬੋਹਰ ਰੋਡ ਤੇ ਆਦਰਸ਼ ਨਗਰ ਦੀਆਂ ਗਲੀਆਂ ਵਿੱਚ ਪਾਣੀ ਭਰ ਗਿਆ। ਵਿਭਾਗ ਵੱਲੋਂ ਬੰਦ ਸੀਵਰੇਜ ਨੂੰ ਖੋਲਣ ਦੀ ਬਜਾਏ ਪੰਪਾਂ ਨਾਲ ਪਾਣੀ ਚੁੱਕ ਕੇ ਇਧਰ ਉਧਰ ਪਾਇਆ ਜਾ ਰਿਹਾ ਹੈ। ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿੱਚ ਆਉਣ ਕਰਕੇ ਲੋਕ ਮਜ਼ਬੂਰੀ ਵਿੱਚ ਗੰਦੇ ਪਾਣੀ ਵਿਚੋਂ ਲੰਘ ਰਹੇ ਹਨ। ਮੁਸ਼ਕ ਕਾਰਣ ਲੋਕਾਂ ਦਾ ਸਾਹ ਲੈਣਾ ਦੁੱਬਰ ਹੋ ਗਿਆ ਹੈ। ਕਰੋਨਾ ਮਹਾਂਮਾਰੀ ਦੇ ਦੌਰ ‘ਚ ਗੰਦੇ ਪਾਣੀ ਨੇ ਲੋਕਾਂ ਲਈ ਭਾਰੀ ਮੁਸੀਬਤ ਖੜੀ ਕੀਤੀ ਹੈ। ਲੋਕਾਂ ਦੀ ਮੰਗ ਹੈ ਸੀਵਰੇਜ ਦੀ ਸਫਾਈ ਕਰਨ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਇਸ ਦੌਰਾਨ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ‘ਤੇ ਉਨਾਂ ਕਿਹਾ ਕਿ ਸੀਵਰੇਜ ਦੀ ਸਫਾਈ ਕੋਟਕਪੂਰਾ ਰੋਡ ਤੇ ਬਠਿੰਡਾ ਰੋਡ ਖੇਤਰ ਦੀ ਹੋਈ ਸੀ ਸ਼ਹਿਰ ਦੇ ਅੰਦਰੂਨੀ ਖੇਤਰ ਦੀ ਨਹੀਂ ਹੋਈ। ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।