ਚੋਰੀ ਦੀ ਕਾਰ ਅਤੇ ਦੇਸੀ ਪਿਸਤੋਲ ਸਮੇਤ ਦੋ ਕਾਬੂ 

ਲੰਬੀ ਪੁਲਿਸ ਨੇ ਪਹਿਲਾ ਵੀ ਚੋਰੀ ਦੀ ਕਣਕ ਸਮੇਤ ਕੀਤੇ ਸੀ ਕਾਬੂ

ਮਲੋਟ, (ਪੰਜਾਬੀ ਸਪੈਕਟ੍ਰਮ ਸਰਵਿਸ): ਥਾਣਾ ਸਿਟੀ ਪੁਲਿਸ ਨੇ ਇੱਕ ਚੋਰੀ ਦੀ ਕਾਰ ਅਤੇ 38 ਬੋਰ ਦੀ ਦੇਸੀ ਪਿਸਤੋਲ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧ ਵਿੱਚ ਡੀ.ਐਸ.ਪੀ. ਦਫ਼ਤਰ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ. ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਉਕਤ ਵਿਅਕਤੀ ਪਹਿਲਾ ਵੀ ਚੋਰੀ ਦੀ ਕਣਕ ਸਮੇਤ ਲੰਬੀ ਪੁਲਿਸ ਨੇ ਕਾਬੂ ਕੀਤੇ ਸਨ ਅਤੇ ਇਹਨਾਂ ਕੋਲੋ ਇੱਕ ਚੋਰੀ ਦੀ ਕਾਰ ਅਤੇ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਸਨ।
ਥਾਣਾ ਸਿਟੀ ਮਲੋਟ ਦੇ ਮੁੱਖ ਅਫ਼ਸਰ ਐਸ.ਆਈ. ਕਰਨਦੀਪ ਸਿੰਘ ਅਗਵਾਈ ਵਿੱਚ ਹਰਪ੍ਰੀਤ ਸਿੰਘ ਉਰਫ਼ ਹੈਰੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਮਲੋਟ, ਹਰਜਿੰਦਰ ਸਿੰਘ ਉਰਫ਼ ਬਿੱਟੂ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਧੌਲਾ ਥਾਣਾ ਲੰਬੀ ਨੂੰ ਸ.ਥ. ਕਰਨੈਲ ਸਿੰਘ, ਐਚ.ਸੀ. ਕੁਲਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਕਾਬੂ ਕਰਕੇ ਉਕਤ ਦੋਸ਼ੀਆਂ ਤੋਂ ਇੱਕ ਚੋਰੀਸ਼ੁਦਾ ਕਾਰ ਹਾਂਡਾ ਸਿਟੀ ਡੀ.ਐਲ. 1ਸੀਐਚ 2737 ਰੰਗ ਸਿਲਵਰ ਅਤੇ ਇੱਕ 38 ਬੋਰ ਦੇਸੀ ਪਿਸਤੋਲ ਬਰਾਮਤ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਕਰੀਬ 5-6 ਦਿਨ ਪਹਿਲਾਂ ਰਾਤ ਦੇ ਕਰੀਬ ਇੱਕ ਵਜੇ ਦੋਨਾਂ ਜਣਿਆਂ ਨੇ ਉਕਤ ਕਾਰ ਹਾਂਡਾ ਸਿਟੀ ਗਿੱਦੜਬਾਹਾ ਹੁਸਨਰ ਚੌਂਕ ਤੋਂ ਕੁਝ ਦੂਰੀ ’ਤੇ ਖੇਤਾਂ ਕੋਲ ਇੱਕ ਘਰ ਦੇ ਨਾਲ ਖਾਲੀ ਜਗ੍ਹਾ ਤੋਂ ਚੋਰੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਕਰੀਬ ਇੱਕ ਮਹੀਨਾ ਪਹਿਲਾਂ ਦੋਨਾਂ ਨੇ ਮਿਲ ਕੇ ਆਪਣੇ ਦੋਸਤ ਗੁਰਵਿੰਦਰ ਸਿੰਘ ਵਾਸੀ ਬਠਿੰਡਾ ਕੋਲੋਂ ਉਸ ਦੀ ਪਿਕਅੱਪ ਗੱਡੀ ਮੰਗ ਕੇ ਡੱਬਵਾਲੀ ਰੋਡ ਬਠਿੰਡਾ ਤੇ ਬਣੇ ਗੋਦਾਮਾਂ ਵਿੱਚ 40 ਗੱਟੇ ਕਣਕ ਦੇ ਵੀ ਚੋਰੀ ਕੀਤੇ ਸਨ ਜੋ ਇਹ ਕਣਕ ਅਸੀਂ ਵੇਚਣ ਦੀ ਤਾਕ ਵਿੱਚ ਪਿੰਡ ਥਰਾਜਵਾਲਾ, ਕਿੰਗਰਾ ਅਤੇ ਧੌਲਾ ਆਦਿ ਵਿੱਚ ਫਿਰ ਰਹੇ ਸੀ ਤਾਂ ਸਾਨੂੰ ਲੰਬੀ ਥਾਣਾ ਦੀ ਪੁਲਿਸ ਨੇ ਪਿਕਅੱਪ ਗੱਡੀ ਸਮੇਤ ਚੋਰੀ ਕੀਤੀ ਹੋਈ ਕਣਕ ਦੇ ਕਾਬੂ ਕਰ ਲਿਆ ਸੀ ਜਿਸ ਸਬੰਧੀ ਸਾਡੇ ਖਿਲਾਫ਼ ਮੁਕੱਦਮਾ ਵੀ ਦਰਜ ਹੋਇਆ ਹੈ।
ਡੀ.ਐਸ.ਪੀ. ਔਲਖ ਨੇ ਦੱਸਿਆ ਕਿ ਦੋਸ਼ੀਆਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁੱਛਗਿੱਛ ਕਰਨ ਤੇ ਉਕਤ ਦੋਸ਼ੀਆਂ ਪਾਸੋਂ ਇੱਕ ਕਾਰ ਮਾਰੂਤੀ ਬਿਨਾਂ ਨੰਬਰੀ ਅਤੇ ਤਿੰਨ ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ। ਇਹਨਾਂ ਦੋਸ਼ੀਆਂ ਪਾਸੋਂ ਪੁੱਛਗਿੱਛ ਕਰਨ ਤੇ ਹੋਰ ਵੀ ਚੋਰੀ ਦੇ ਵਹੀਕਲ ਮਿਲਣ ਤੇ ਖੁਲਾਸਾ ਹੋ ਸਕਦਾ ਹੈ।