ਤਿੰਨ ਹੋਰ ਕੋਰੋਨਾ ਦੇ ਮਰੀਜ਼ ਮਿਲਣ ਨਾਲ ਜਿਲਾ ਫਰੀਦਕੋਟ ’ਚ 10 ਹੋਏ ਕੋਰੋਨਾ ਪੀੜਤ

ਕੋਟਕਪੂਰਾ, (ਗੁਰਿੰਦਰ ਸਿੰਘ) :- ਜ਼ਿਲਾ ਫਰੀਦਕੋਟ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ 71 ਹੋ ਗਈ ਹੈ, ਜਿੰਨਾਂ ’ਚੋਂ 61 ਤੰਦਰੁਸਤ ਹੋ ਕੇ ਘਰੋ ਘਰੀਂ ਪਹੁੰਚ ਗਏ ਹਨ, ਜਦਕਿ 10 ਕੋਰੋਨਾ ਪੀੜਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਦੇ ਆਈਸੋਲੇਸ਼ਨ ਵਾਰਡ ’ਚ ਜੇਰੇ ਇਲਾਜ ਹਨ। ਬੀਤੇ ਕੱਲ 7 ਮਰੀਜ਼ ਇਲਾਜ ਅਧੀਨ ਸਨ ਤੇ ਬੀਤੀ ਦੇਰ ਸ਼ਾਮ ਇਕ ਪੁਲਿਸ ਦੇ ਥਾਣੇਦਾਰ ਅਤੇ ਦੋ ਉਸਦੇ ਸੰਪਰਕ ’ਚ ਆਏ ਨੋਜਵਾਨਾਂ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਉਣ ਨਾਲ ਮਰੀਜਾਂ ਦੀ ਕੁੱਲ ਗਿਣਤੀ 10 ਹੋ ਗਈ।
ਡਾ ਰਜਿੰਦਰ ਕੁਮਾਰ ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ ਕੋਵਿਡ-19 ਦੇ ਅੱਜ ਤੱਕ 5749 ਸੈਂਪਲ ਜਾਂਚ ਲਈ ਲੈਬ ’ਚ ਭੇਜੇ ਜਾ ਚੁੱਕੇ ਹਨ। ਜਿੰਨਾ ’ਚੋਂ 5230 ਰਿਪੋਰਟਾਂ ਨੈਗੇਟਿਵ ਆਈਆਂ, ਜਦਕਿ 358 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ। ਉਨਾ ਦੱਸਿਆ ਕਿ ਵਿਭਾਗ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਕੋਟਕਪੂਰਾ, ਜੈਤੋ, ਬਾਜਾਖਾਨਾ, ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ‘ਫਲੂ ਕਾਰਨਰ’ ਵਿਖੇ ਫਰੰਟ ਲਾਈਨ ’ਤੇ ਸੇਵਾਵਾਂ ਨਿਭਾਅ ਰਹੇ ਪੁਲਿਸ ਵਿਭਾਗ ਦੇ ਅਧਿਕਾਰੀ-ਕਰਮਚਾਰੀ, ਸਿਹਤ ਵਿਭਾਗ ਦੇ ਸਟਾਫ ਮੈਂਬਰ, ਆਸ਼ਾ ਵਰਕਰ, ਗਰਭਵਤੀ ਔਰਤਾਂ, ਹਾਲ ਹੀ ਵਿੱਚ ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਦੇ ਸੈਂਪਲ ਇਕੱਤਰ ਕਰਕੇਲੈਬ ’ਚ ਭੇਜੇ ਜਾ ਰਹੇ ਹਨ।
ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ. ਮਨਜੀਤ ਕਿ੍ਰਸ਼ਨ ਭੱਲਾ ਅਤੇ ਮੀਡੀਆ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ ਮੁਤਾਬਿਕ ‘ਮਿਸ਼ਨ ਫਤਹਿ’ ਤਹਿਤ ਫਰੰਟ ਲਾਈਨ ’ਤੇ ਸੇਵਾਵਾਂ ਨਿਭਾਅ ਰਹੀਆਂ ਆਸ਼ਾ ਵਰਕਰ, ਸਿਹਤ ਵਿਭਾਗ ਦਾ ਸਟਾਫ, ਪੁਲਿਸ ਵਿਭਾਗ ਦੇ ਸਟਾਫ ਮੈਂਬਰਾਂ ਅਤੇ ਗਰਭਵਤੀ ਔਰਤਾਂ ਦੀ ਸਕਰੀਨੰਗ ਕਰ ਖੰਘ, ਜ਼ੁਕਾਮ, ਬੁਖਾਰ ਜਾਂ ਫਲੂ ਵਰਗੇ ਲੱਛਣ ਵਾਲਿਆਂ ਦੇ ਸੈਂਪਲ ਇਕੱਤਰ ਕਰਨ ਦੀ ਮੁਹਿੰਮ ਜਾਰੀ ਹੈ,।ਜਿੰਨਾ ਵਿਅਕਤੀਆਂ ਨੂੰ ਫਲੂ ਦੇ ਲੱਛਣ ਨਾ ਵੀ ਹੋਣ ਜੇ ਉਹ ਕੋਰੋਨਾ ਦਾ ਸ਼ੱਕ ਦੂਰ ਕਰਨਾ ਚਾਹੁੰਦੇ ਹਨ ਤਾਂ ਉਹ ਨੇੜੇ ਦੇ ਫਲੂ ਕਾਰਨਰ ਤੇ ਸੈਂਪਲ ਦੇ ਸਕਦੇ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਪਾਜ਼ੇਟਿਵ ਆਏ ਕੇਸਾਂ ਦੇ ਸੰਪਰਕ ’ਚ ਆਏ ਵਿਅਕਤੀਆਂ ਦੀ ਵਿਭਾਗ ਵੱਲੋਂ ਸੂਚੀ ਤਿਆਰ ਕੀਤੀ ਜਾ ਰਹੀ ਹੈ।