ਦਰੱਖ਼ਤ ਨਾਲ ਲਟਕਦੀ ਮਿਲੀ ਵਿਅਕਤੀ ਦੀ ਲਾਸ਼

ਸ੍ਰੀ ਮੁਕਤਸਰ ਸਾਹਿਬ, (ਸੁਖਵੰਤ ਸਿੰਘ) :ਸ਼ਹਿਰ ਦੇ ਪਿੰਡ ਗੋਨਿਆਣਾ ਵਿਖੇ ਇੱਕ ਵਿਅਕਤੀ ਦੀ ਲਾਸ਼ ਦਰੱਖ਼ਤ ਨਾਲ ਲਟਕੀ ਹੋਈ ਮਿਲੀ ਹੈ। ਉਕਤ ਵਿਅਕਤੀ ਦੀ ਪਹਿਚਾਣ ਲਛਮਣ ਸਿੰਘ (55) ਪੁੱਤਰ ਮੰਗਲ ਸਿੰਘ ਵਾਸੀ ਗੋਨਿਆਣਾ ਵਜੋਂ ਹੋਈ ਹੈ। ਮਿ੍ਰਤਕ ਦੇ ਭਤੀਜੇ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਚਾਚਾ ਲਛਮਣ ਸਿੰਘ 2007 ਤੋਂ 2012 ਤੱਕ ਪੰਚਾਇਤ ਮੈਂਬਰ ਦੀ ਸੇਵਾ ਨਿਭਾਅ ਚੁੱਕੇ ਹਨ ਤੇ ਪਿੰਡ ਦੇ ਲੋਕ ਉਨ੍ਹਾਂ ਦਾ ਪੂਰਾ ਮਾਨ ਸਤਿਕਾਰ ਕਰਦੇ ਸਨ। ਉਹ ਹਰ ਰੋਜ਼ ਤੜਕਸਾਰ ਸਵੇਰੇ ਸੈਰ ਕਰਨ ਲਈ ਜਾਂਦੇ ਸਨ ਤੇ ਵੀਰਵਾਰ ਦੀ ਸਵੇਰੇ ਕਰੀਬ 4:45 ‘ਤੇ ਉਹ ਸੈਰ ਕਰਨ ਲਈ ਗਏ ਤੇ ਵਾਪਿਸ ਨਹੀਂ ਆਏ।
ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਬਾਈਪਾਸ ਕੋਲ ਖੇਤਾਂ ‘ਚ ਦਰੱਖ਼ਤ ‘ਤੇ ਲਟਕਦੀ ਉਨ੍ਹਾਂ ਦੀ ਲਾਸ਼ ਦੇਖੀ ਤਾਂ ਪਰਿਵਾਰਕ ਮੈਂਬਰਾਂ ਤੇ ਪੁਲਿਸ ਨੂੰ ਸੂਚਿਤ ਕੀਤਾ। ਮਿ੍ਰਤਕ ਦੇ ਭਤੀਜੇ ਦਰਸ਼ਨ ਸਿੰਘ ਨੇ ਸ਼ੱਕ ਜਾਹਿਰ ਕੀਤਾ ਕਿ ਉਸ ਦੀ ਹੱਤਿਆ ਕੀਤੀ ਗਈ ਹੈ ਕਿਉਂਕਿ ਚਾਚਾ ਦੇ ਕੋਲ 10 ਏਕੜ ਆਪਣੀ ਜ਼ਮੀਨ ਹੈ ਤੇ 70 ਏਕੜ ਉਹ ਠੇਕੇ ‘ਤੇ ਲੈ ਕੇ ਖੇਤੀ ਕਰਦਾ ਸੀ ਤੇ ਅਕਸਰ ਹੀ ਉਨ੍ਹਾਂ ਕੋਲ 20 ਤੋਂ 25 ਹਜ਼ਾਰ ਰੁਪਏ ਕੈਸ਼ ਜੇਬ ‘ਚ ਮੌਜੂਦ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲਾਸ਼ ਕੋਲੋਂ ਇਹ ਸਾਰਾ ਸਮਾਨ ਗਾਇਬ ਸੀ। ਓਧਰ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਮੁਕਤਸਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਵੱਲੋਂ ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਪਹੁੰਚਾਉਣ ਤੋਂ ਉਪਰੰਤ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਿ੍ਰਤਕ ਦੇ ਦੋ ਬੇਟੇ ਤੇ ਇੱਕ ਬੇਟੀ ਹੈ ਜੋ ਕਿ ਸ਼ਾਦੀਸ਼ੁਦਾ ਹੈ।