ਦੁਕਾਨਦਾਰ ਨੂੰ ਰਿਵਾਲਵਰ ਦਿਖਾ ਕੇ ਡਰਾਉਣ ਅਤੇ ਧਮਕੀਆਂ ਦੇਣ ਦੇ ਮਾਮਲੇ ਨੇ ਫੜਿਆ ਤੂਲ

ਕੱਪੜਾ ਐਸੋਸੀਏਸ਼ਨ ਦੇ ਵਫਦ ਨੇ ਡੀਐਸਪੀ ਨੂੰ ਮਿਲ ਕੇ ਕੀਤੀ ਇਨਸਾਫ ਦੀ ਮੰਗ!

ਕੋਟਕਪੂਰਾ, (ਅਰਸ਼ਦੀਪ ਸਿੰਘ ਅਰਸ਼ੀ) :- ਬੀਤੀ ਸ਼ਾਮ ਸਥਾਨਕ ਰੇਲਵੇ ਬਜਾਰ ’ਚ ਸਥਿੱਤ ਦਸਮੇਸ਼ ਕਲਾਥ ਹਾਊਸ ਨਾਂਅ ਦੀ ਦੁਕਾਨ ’ਤੇ ਕਿਸੇ ਵਿਵਾਦ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਦੁਕਾਨ ਮਾਲਕ ਟਹਿਲ ਸਿੰਘ ਕਾਲੜਾ ਤੇ ਉਨਾ ਦੇ ਪੁੱਤਰਾਂ ਦਰਸ਼ਨ ਸਿੰਘ ਦਰਸ਼ੀ ਤੇ ਸੁਖਮੰਦਰ ਸਿੰਘ ਕਾਲਾ ਨੇ ਦੱਸਿਆ ਕਿ ਦੋ ਕਾਰਾਂ ’ਚ ਆਏ 7-8 ਵਿਅਕਤੀਆਂ ’ਚੋਂ ਤਿੰਨ ਨੇ ਦੁਕਾਨ ਅੰਦਰ ਆ ਕੇ ਰਿਵਾਲਵਰ ਕੱਢ ਲਿਆ ਅਤੇ ਧਮਕੀ ਦੇਣ ਲੱਗੇ। ਜਦੋਂ ਉਨਾਂ ਨੂੰ ਸਹਿਜ ਨਾਲ ਬੈਠਣ ਅਤੇ ਗੱਲ ਕਰਨ ਦੀ ਬੇਨਤੀ ਕੀਤੀ ਤਾਂ ਉਹ ਫਿਰ ਆਉਣ ਦਾ ਕਹਿ ਕੇ ਅਤੇ ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ ਉੱਥੋਂ ਚਲੇ ਗਏ। ਇਸ ਸਾਰੀ ਕਾਰਵਾਈ ਬਾਰੇ ਆਪਣੇ ਦੋਸਤ ਨੂੰ ਜਾਣਕਾਰੀ ਦੇਣ ਲਈ ਜਦੋਂ ਟਹਿਲ ਸਿੰਘ ਕਾਲੜਾ ਦੇ ਪੋਤਰੇ ਸਿਮਰਨ ਸਿੰਘ ਨੇ ਮੋਬਾਇਲ ਕੱਢਿਆ ਤਾਂ ਉਨਾਂ ਉਸਦਾ ਮੋਬਾਇਲ ਖੋਹ ਕੇ ਤੋੜ ਦਿੱਤਾ। ਮੋਬਾਇਲ ਦਾ ਨੁਕਸਾਨ ਕਰਨ ਦੀ ਸਾਰੀ ਘਟਨਾ ਸਾਹਮਣੀ ਦੁਕਾਨ ਦੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਸ਼ਿਕਾਇਤ ਮਿਲਣ ’ਤੇ ਐਸਐਚਓ ਨੇ ਤੁਰਤ ਏਐਸਆਈ ਭੁਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਮੌਕੇ ’ਤੇ ਭੇਜਿਆ, ਜਿੱਥੇ ਪਹੁੰਚ ਕੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਹਮਲਾਵਰ ਬਣ ਕੇ ਆਏ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਮੂਹ ਅਹੁਦੇਦਾਰਾਂ ਦੀ ਅਗਵਾਈ ’ਚ ਇਕ ਵਫਦ ਨੇ ਅੱਜ ਬਲਕਾਰ ਸਿੰਘ ਸੰਧੂ ਡੀਐਸਪੀ ਅਤੇ ਰਾਜਬੀਰ ਸਿੰਘ ਸੰਧੂ ਐਸਐਚਓ ਸਿਟੀ ਨਾਲ ਗੱਲਬਾਤ ਕੀਤੀ। ਦੋਨੋਂ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ਼ ਦਿਵਾਇਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।