ਨਗਰ ਕੋਂਸਲ ਕੋਟਕਪੂਰਾ ਨੇ ਨਜਾਇਜ ਕਬਜਾ ਹਟਾਉਣ ਦਾ ਕੀਤਾ ਦਾਅਵਾ ਪਰ…

ਕੋਟਕਪੂਰਾ, (ਅਰਸ਼ਦੀਪ ਸਿੰਘ ਅਰਸ਼ੀ) :- ਸਥਾਨਕ ਜੈਤੋ ਰੋਡ ’ਤੇ ਸਥਿੱਤ ਸਦਾ ਰਾਮ ਬਾਂਸਲ ਸਕੂਲ ਦੇ ਪਿਛਲੇ ਪਾਸੇ ਨਗਰ ਕੋਂਸਲ ਦੀ ਪੁਰਾਣੀ ਡਿਸਪੋਜਲ ਵਾਲੀ ਜਗਾ ਨੂੰ ਆਪਣੇ ਕਬਜੇ ਹੇਠ ਲੈਂਦਿਆਂ ਪ੍ਰਸ਼ਾਸ਼ਨ ਨੇ ਦਾਅਵਾ ਕੀਤਾ ਹੈ ਕਿ ਕੁਝ ਵਿਅਕਤੀਆਂ ਨੇ ਲਾਕਡਾਉਨ ਦੇ ਚੱਲਦਿਆਂ ਨਗਰ ਕੋਂਸਲ ਦੀ ਜਗਾ ’ਤੇ ਨਜਾਇਜ ਕਬਜਾ ਕਰ ਰੱਖਿਆ ਸੀ। ਜਾਣਕਾਰੀ ਮਿਲਦਿਆਂ ਹੀ ਨਗਰ ਕੌਂਸਲ ਵੱਲੋਂ ਇਹ ਕਬਜੇ ਹਟਾਉਣ ਲਈ ਪੁਲਿਸ ਸਹਾਇਤਾ ਲੈਣ ਲਈ ਐਸ.ਡੀ.ਐਮ. ਕੋਟਕਪੂਰਾ ਨੂੰ ਪੱਤਰ ਲਿਖਿਆ ਗਿਆ, ਜਿਸ ’ਤੇ ਮੇਜਰ ਅਮਿਤ ਸਰੀਨ ਐਸ.ਡੀ.ਐਮ. ਵੱਲੋਂ ਪੁਲਿਸ ਦੀ ਮੱਦਦ ਦਿਵਾਉਣ ਦੇ ਨਾਲ-ਨਾਲ ਕਬਜੇ ਹਟਾਉਣ ਦੀ ਨਿਗਰਾਨੀ ਲਈ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ। ਇਸ ਦੌਰਾਨ ਡਿਊਟੀ ਮੈਜਿਸਟ੍ਰੇਟ ਰਜਿੰਦਰ ਸਿੰਘ ਸਰਾਂ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਟੀਮ, ਜਿਸ ’ਚ ਬਲਵਿੰਦਰ ਸਿੰਘ ਕਾਰਜ ਸਾਧਕ ਅਫਸਰ, ਸੰਦੀਪ ਸਿੰਘ ਰੋਮਾਣਾ ਐਮ.ਈ, ਪ੍ਰਦੀਪ ਕੁਮਾਰ ਜੇ.ਈ., ਰਜੇਸ਼ ਸ਼ਰਮਾਂ ਤੇ ਹੋਰ ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਫਾਈ ਕਰਮਚਾਰੀ ਵੀ ਸ਼ਾਮਲ ਸਨ, ਵੱਲੋਂ ਅੱਜ ਟਰੈਕਟਰ-ਟਰਾਲੀਆਂ ਦੀ ਸਹਾਇਤਾ ਨਾਲ ਇਸ ਜਮੀਨ ’ਤੇ ਉਸਾਰੀਆਂ ਗਈਆਂ ਦੀਵਾਰਾਂ ਪੂਰੀ ਤਰ੍ਹਾਂ ਢਾਹ ਦਿੱਤੀਆਂ ਗਈਆਂ।।ਉਨਾਂ ਦੱਸਿਆ ਕਿ ਨਗਰ ਕੌਂਸਲ ਦੀ ਟੀਮ ਵੱਲੋਂ ਬਿਨ੍ਹਾਂ ਕਿਸੇ ਵਿਰੋਧ ਦੇ ਅੱਜ ਇਹ ਕਬਜੇ ਹਟਾ ਦਿੱਤੇ ਗਏ। ਦੂਜੇ ਪਾਸੇ ਪ੍ਰੋ. ਦਰਸ਼ਨ ਸਿੰਘ ਸੰਧੂ ਨੇ ਦੋਸ਼ ਲਾਇਆ ਹੈ ਕਿ ਇਹ ਜਾਇਦਾਦ ਉਨਾਂ ਦੇ ਬਜੁਰਗਾਂ ਦੇ ਨਾਮ ਬੋਲਦੀ ਹੈ। ਇਸ ਦੇ ਸਾਰੇ ਦਸਤਾਵੇਜ ਵੀ ਉਨਾ ਕੋਲ ਮੌਜੂਦ ਹੋਣ ਕਰਕੇ ਕਬਜਾ ਵੀ ਸੰਧੂ ਪਰਿਵਾਰ ਕੋਲ ਹੈ ਪਰ ਅੱਜ ਬਿਨਾ ਕੋਈ ਇਤਲਾਹ ਦਿੱਤਿਆਂ ਉਕਤ ਜਾਇਦਾਦ ’ਤੇ ਨਗਰ ਕੋਂਸਲ ਨੇ ਕਬਜਾ ਕਰ ਲਿਆ ਜਦਕਿ ਇਸ ਦਾ ਕੇਸ ਅਦਾਲਤ ’ਚ ਵੀ ਸੁਣਵਾਈ ਅਧੀਨ ਹੈ।